ਰੂਪਨਗਰ, 18 ਅਕਤੂਬਰ 2018 - ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮੀਤ ਜਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ਼੍ਰੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀ ਜੰਡ ਸਾਹਿਬ ਸਿੱਖ ਅਕੈਡਮੀ ਵਿਖੇ ਰੇਡ ਕੀਤੀ ਗਈ। ਇਸ ਰੇਡ ਦੌਰਾਨ ਅਕੈਡਮੀ ਵਿਚ ਗੈਰ ਕਾਨੂੰਨੀ ਤੌਰ ਤੇ ਰੱਖੇ ਹੋਏ 195 ਵਿਅਕਤੀ ਪਾਏ ਗਏ ਜਿੰਨਾਂ ਨੂੰ ਉਨ੍ਹਾਂ ਦੇ ਸਗੇ-ਸਬੰਧੀਆਂ ਦੇ ਹਵਾਲੇ ਕਰ ਦਿਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਼ਸ੍ਰੀ ਚਮਕੌਰ ਸਾਹਿਬ ਨੇੜੇ ਜੰਡ ਸਾਹਿਬ ਸਿੱਖ ਅਕੈਡਮੀ ਅਣਅਧਿਕਾਰਤ ਤੌਰ ਤੇ ਚਲਾਈ ਜਾ ਰਹੀ ਹੈ ਜਿਸ ਵਿਚ ਅਣਅਧਿਕਾਰਤ ਤੌਰ ਤੇ ਵਿਅਕਤੀਆਂ ਨੂੰ ਜਬਰਦਸਤੀ ਰਖਿਆ ਜਾਂਦਾ ਹੈ। ਇਸ ਤੇ ਕਾਰਵਾਈ ਕਰਦਿਆਂ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ਼੍ਰੀ ਮਨਕਮਲ ਸਿੰਘ ਚਾਹਲ ਅਤੇ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਸ਼੍ਰੀ ਨਵਰੀਤ ਸਿੰਘ ਵਿਰਕ ਤੇ ਮੈਡਮ ਮਨਜੋਤ ਕੌਰ , ਸ਼੍ਰੀ ਰਾਮ ਕਿਸ਼ਨ ਤਹਿਸੀਲਦਾਰ ਮੋਰਿੰਡਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਗਈ। ਇਸ ਰੇਡ ਦੌਰਾਨ ਇਸ ਅਕੈਡਮੀ ਵਿਚ 195 ਵਿਅਕਤੀ ਵੱਖ ਵੱਖ ਸੂਬਿਆਂ ਅਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਵਸਨੀਕ ਪਾਏ ਗਏ। ਇੰਨਾਂ ਵਿਚੋਂ ਕੁਝ ਵਿਅਕਤੀ ਮਾਨਸਿਕ ਰੋਗੀ ਤੇ ਜਖਮੀ ਵੀ ਸਨ।ਬਾਕੀ ਵਿਅਕਤੀਆਂ ਨੇ ਵੀ ਦਸਿਆ ਕਿ ਉਨਾਂ ਨੂੰ ਜਬਰਦਸਤੀ ਇਸ ਅਕੈਡਮੀ ਵਿਚ ਰਖਿਆ ਗਿਆ ਹੈ। ਇਸ ਤੇ ਕਾਰਵਾਈ ਕਰਦਿਆਂ ਐਸ.ਐਮ.ਓੁ. ਸ਼੍ਰੀ ਚਮਕੌਰ ਸਾਹਿਬ ਅਤੇ ਰੂਪਨਗਰ ਦੀ ਅਗਵਾਈ ਵਿਚ 08 ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਵਲੋਂ ਅਜਿਹੇ 130 ਵਿਅਕਤੀ ਜਿੰਨਾਂ ਨੂੰ ਕੁਝ ਸੱਟਾਂ ਲੱਗੀਆਂ ਹੋਈਆਂ ਸਨ, ਦਾ ਮੈਡੀਕਲ ਕੀਤਾ ਗਿਆ ਅਤੇ 43 ਵਿਅਕਤੀਆਂ ਨੇ ਮੈਡੀਕਲ ਕਰਾਉਂਣ ਤੋਂ ਮਨ੍ਹਾਂ ਕਰ ਦਿੱਤਾ।ਇਸ ਤੋਂ ਇਲਾਵਾ 07 ਅਜਿਹੇ ਵਿਅਕਤੀ (ਮੋਰਿੰਡਾ, ਨਵਾਂ ਸ਼ਹਿਰ, ਰਤੀਆ (ਹਰਿਆਣਾ), ਲੁਧਿਆਣਾ, ਮਲੋਆ, ਸੈਦ ਖੇੜੀ ਅਤੇ ਸੈਦਪੁਰ ਜ਼ਿਲ੍ਹਾ ਹੁਸ਼ਿਆਰਪੁਰ ) ਵੀ ਸਨ ਜੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸਨ ਇੰਨਾਂ ਨੂੰ ਮੁਹਾਲੀ ਨਸ਼ਾ ਛੁਡਾੳ ਕੇਂਦਰ ਵਿਖੇ ਇਲਾਜ ਖਾਤਰ ਭੇਜ ਦਿਤਾ ਗਿਆ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਇੰਨਾਂ ਵਿਅਕਤੀਆਂ ਵਿਚੋਂ ਕੁਝ ਵਿਅਕਤੀ ਗੰਗਾ ਨਗਰ (ਰਾਜਸਥਾਨ), ਹਿਮਾਚਲ ਪ੍ਰਦੇਸ,ਅੰਬਾਲਾ, ਼ ਲੁਧਿਆਣਾ, ਫਤਿਹਗੜ ਸਾਹਿਬ, ਮੁਹਾਲੀ, ਸੰਗਰੂਰ, ਹੁਸ਼ਿਆਰਪੁਰ, ਗੜ੍ਹਸ਼ੰਕਰ, ਬਠਿੰਡਾ, ਅੰਮ੍ਰਿਤਸਰ, ਮੋਗਾ, ਮੁਕਤਸਰ, ਕਪੂਰਥਲਾ, ਰੂਪਨਗਰ, ਰਤੀਆ, ਪਟਿਆਲਾ, ਮਾਹਲਪੁਰ, ਉਨਾ, ਐਸ.ਬੀ.ਐਸ.ਨਗਰ, ਕੈਥਲ, ਕੁਰੂਕਸ਼ੇਤਰ, ਪੰਚਕੁਲਾ, ਕੁਰੁਕਸ਼ੇਤਰਾ, ਚੰਡੀਗੜ੍ਹ, ਜਲੰਧਰ, ਤਰਨਤਾਰਨ, ਫਿਰੋਜਪੁਰ, ਸੰਗਰੂਰ, ਜੀਰਕਪੁਰ, ਫਾਜ਼ਿਲਕਾ, ਕੋਟਕਪੂਰਾ ਦੇ ਰਹਿਣ ਵਾਲੇ ਸਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਦਸਿਆ ਕਿ ਸਬੰਧਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਆਪਣੇ ਜ਼ਿਲ੍ਹੇ ਵਿਚ ਰਹਿਣ ਵਾਲੇ ਵਿਅਕਤੀਆਂ ਦਾ ਇਲਾਜ ਕਰਵਾ ਸਕਣ।
ਜਿਕਰਯੋਗ ਹੈ ਕਿ ਇਹ ਅਕੈਡਮੀ ਸ਼੍ਰੀ ਖੁਸ਼ਵਿੰਦਰ ਸਿੰਘ ਉਰਫ ਕਾਕਾ ਵਲੋਂ ਚਲਾਈ ਜਾ ਰਹੀ ਸੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਦਿਲਬਾਗ ਸਿੰਘ ਤੇ ਅਮਨਦੀਪ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ।