ਅਗਾਂਹਵਧੂ ਕਿਸਾਨ ਸੋਮਨਾਥ ਅਪਨੇ ਖੇਤ ਵਿੱਚ
ਜਗਦੀਸ਼ ਥਿੰਦ
ਫਾਜ਼ਿਲਕਾ 17 ਅਕਤੂਬਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਰ ਨਾਗਰਿਕ ਦਾ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਗਰੂਕ ਹੋਣਾ ਲਾਜ਼ਮੀ ਹੈ। ਕਿਸਾਨ ਵੀਰਾਂ ਨੂੰ ਵੀ ਇਸ ਮੁਹਿੰਮ ਤਹਿਤ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮਿਸ਼ਨ ਤੋਂ ਪ੍ਰਭਾਵਿਤ ਹੋ ਕੇ ਦਰਮਿਆਨੇ ਕਿਸਾਨ ਵੀ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦੀ ਢੁੱਕਵੇਂ ਤਰੀਕਿਆਂ ਨਾਲ ਵਰਤੋਂ ਕਰਨ ਲਈ ਅੱਗੇ ਆ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਪਸ਼ੂਆਂ ਲਈ ਚਾਰੇ, ਆਰਗੈਨਿਕ ਖਾਦ, ਖੁੰਭਾਂ ਦੀ ਖੇਤੀ ਅਤੇ ਪਸ਼ੂਆਂ ਦੇ ਹੇਠਾਂ ਠੰਡ ਤੋਂ ਬਚਾਉਣ ਲਈ ਵਿਛਾਉਣ ਤੋਂ ਇਲਾਵਾ ਬਾਇਓਗੈਸ ਲਈ ਵੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਕਿਸਾਨ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਵਰਤੋਂ ਵਿੱਚ ਲਿਆ ਰਹੇ ਹਨ ਉਹ ਵਧਾਈ ਦੇ ਪਾਤਰ ਹਨ ਤੇ ਇਨ੍ਹਾਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਸਰਕਾਰ ਵੱਲੋਂ ਪਰਾਲੀ ਦੇ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀ ਬਜਾਏ ਵਰਤੋਂ ਵਿੱਚ ਲਿਆਉਣ ਵਾਲੇ ਖੇਤੀ ਸੰਦਾਂ 'ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਫਾਜ਼ਿਲਕਾ ਨੇੜਲੇ ਪਿੰਡ ਬਹਿਕ ਖਾਸ ਦੇ ਕਿਸਾਨ ਸੋਮਨਾਥ ਨਾਗਪਾਲ ਦਾ ਕਹਿਣਾ ਹੈ ਕਿ ਉਸ ਵੱਲੋਂ ਇਸ ਸਾਲ ਪਹਿਲੀ ਵਾਰ ਆਪਣੇ ਸਾਢੇ 4 ਏਕੜ ਰਕਬੇ ਵਿੱਚ ਬੀਜੀ ਝੋਨੇ ਦੀ ਫਸਲ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਗਈ। ਉਸਦਾ ਦੱਸਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸਰਕਾਰ ਵੱਲੋਂ ਚਲਾਈ ਗਈ ਤੰਦਰੁਸਤ ਪੰਜਾਬ ਮੁਹਿੰਮ ਦੇ ਨਾਲ-ਨਾਲ ਆਪਣੇ ਪਿੰਡ ਦੇ ਅਗਾਂਹਵਧੂ ਕਿਸਾਨ ਸਚਿਨ ਸਹਿਗਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾ ਰਿਹਾ ਤੋਂ ਪ੍ਰਭਾਵਿਤ ਹੋ ਕੇ ਉਸ ਵੱਲੋਂ ਇਸ ਸਾਲ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਦੀ ਬਜਾਏ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ) ਰਾਹੀਂ ਕਟਾਈ ਕਰਨ ਉਪਰੰਤ ਪਰਾਲੀ ਤੇ ਰਹਿੰਦ-ਖੂਹੰਦ ਨੂੰ ਜ਼ਮੀਨ ਵਿੱਚ ਤਵੀਆਂ ਨਾਲ ਵਹਾਇਆ ਗਿਆ। ਫੇਰ ਜ਼ਮੀਨ 'ਤੇ ਸੁਹਾਗਾ ਮਾਰਨ ਉਪਰੰਤ ਰੋਟਾਵੇਟਰ ਰਾਹੀਂ ਪਰਾਲੀ ਨੂੰ ਮਿਟੀ ਵਿੱਚ ਮਿਲਾ ਦਿੱਤਾ ਗਿਆ। ਅਗਾਂਹਵਧੂ ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਉਸ ਵੱਲੋਂ ਰਸਾਇਣਾਂ ਦੀ ਨਾਮਾਤਰ ਵਰਤੋਂ ਕਰਕੇ ਜ਼ਿਆਦਾਤਰ ਜੈਵਿਕ ਖੇਤੀ ਕੀਤੀ ਜਾਂਦੀ ਹੈ।
ਇਸ ਅਗਾਂਹਵਧੂ ਕਿਸਾਨ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕ ਵਾਲੇ ਖੇਤੀ ਸੰਦਾਂ ਦੀ ਵਰਤੋਂ ਕਰਕੇ ਉਹ ਵੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਜ਼ਮੀਨ ਵਿੱਚ ਹੀ ਵਹਾ ਸਕਦੇ ਹਨ ਇਸ ਨਾਲ ਜਿਥੇ ਉਹ ਮਿੱਤਰ ਕੀੜਿਆਂ ਨੂੰ ਮਰਨ ਤੋਂ ਬਚਾ ਸਕਦੇ ਹਨ ਉਥੇ ਆਪਣੀ ਫਸਲ ਦੇ ਝਾੜ ਵਿੱਚ ਵੀ ਵਾਧਾ ਕਰ ਸਕਦੇ ਹਨ।