ਘੱਟ ਗਿਣਤੀ ਕਮਿਸ਼ਨ ਨੇ ਪੀੜਤ ਧੀਆਂ ਨੂੰ ਇਨਸਾਫ ਦਵਾਉਣ ਲਈ ਸਖਤ ਕਾਨੂੰਨ ਦੀ ਕੀਤੀ ਵਕਾਲਤ
ਲੁਧਿਆਣਾ, 17 ਅਕਤੂਬਰ 2018 : ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਮੈਂਬਰ ਸ਼੍ਰ ਮਨਜੀਤ ਸਿੰਘ 'ਰਾਏ' ਨੇ ਅੱਜ ਇਥੇ ਸਰਕਟ ਹਾਊਸ ਵਿਖੇ ਪੰਜਾਬ ਦੀਆਂ ਉਨਾ 26 ਹਜ਼ਾਰ ਪੀੜਤ ਧੀਆਂ ਦੇ ਨਾਲ ਵਿਸ਼ੇਸ਼ ਤੌਰ 'ਤੇ ਮੀਟਿੰਗ ਕਰਕੇ ਸ਼ਿਕਾਇਤਾਂ ਸੁਣੀਆਂ ਜੋ ਵਿਦੇਸ਼ੀ ਠੱਗ ਲਾੜਿਆ ਤੋਂ ਪੀੜਤ ਹਨ।
ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦ ਸੁਪਰੀਮੋਂ ਸਤਨਾਮ ਸਿੰਘ ਗਿੱਲ ਨੇ ਰਮਨਦੀਪ ਕੌਰ ਨਿਊਜੀਲੈਂਡ ਤੇ ਹੋਰਨਾ ਕੁੜੀਆਂ ਦੇ 11 ਮੈਂਬਰੀ ਵਫਦ ਦੀ ਕਮਿਸ਼ਨ ਦੇ ਨਾਲ ਮੀਟਿੰਗ ਕਰਵਾਈ। ਮੀਟਿੰਗ'ਚ ਹੋਈ ਗੱਲਬਾਤ ਤੋਂ ਬਾਅਦ ਪੀੜਤ ਲੜਕੀਆਂ ਦੇ ਮਸਲਿਆਂ ਦੇ ਪੱਕੇ ਹੱਲ ਲਈ ਕਾਨੂੰਨੀ ਪੱਧਰ ਤੇ ਠੋਸ ਕਦਮ ਚੁੱਕੇ ਨੂੰ ਜਾਣ ਲਈ ਕਮਿਸ਼ਨ ਦੇ ਮੈਂਬਰ ਸ੍ਰ ਮਨਜੀਤ ਸਿੰਘ 'ਰਾਏ' ਨੇ ਭਰੋਸਾ ਦਿੰਦਿਆਂ ਦੱਸਿਆ ਕਿ ਉਹ ਦਿੱਲੀ ਵਾਪਸ ਜਾ ਕੇ ਜਲਦੀ ਹੀ ਭਾਰਤ ਸਰਕਾਰ ਦੇ ਕਾਨੂੰਨ ਮੰਤਰੀ ਨਾਲ ਮੀਟਿੰਗ ਦੌਰਾਨ ਚਰਚਾ ਕਰਨਗੇ। ਉਨਾ ਨੇ ਦੱਸਿਆ ਕਿ ਉਨਾਂ ਨੇ ਕੁਝ ਅੰਤਰ ਰਾਸ਼ਟਰੀ ਪੱਧਰ ਤੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਰਾਇ ਦਿੱਤੀ ਹੈ। ਉਨਾ ਨੇ ਦੱਸਿਆ ਕਿ ਕਮਿਸ਼ਨ ਨੇ ਧਿਆਨ 'ਚ ਆਇਆ ਹੈ ਕਿ 70 ਦੇ ਕਰੀਬ ਪਾਸਪੋਰਟ ਰੱਦ ਕੀਤੇ ਜਾ ਚੁੱਕੇ ਹਨ,ਪਰ ਫਿਰ ਜਿੰਨਾ ਵਿਦੇਸ਼ੀ ਠੱਗ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਗਏ ਹਨ, ਉਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਅਮਲ 'ਚ ਨਹੀ ਲਿਆਂਦੀ ਗਈ ਹੈ। ਕਮਿਸ਼ਨ ਨੇ ਦੱਸਿਆ ਕਿ ਕੇਵਲ ਚੰਡੀਗੜ ਪਾਸਪੋਰਟ ਦਫਤਰ ਨੇ ਹੀ 70 ਦੇ ਕਰੀਬ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਪੰਜਾਬ ਦੇ ਕਿਸੇ ਵੀ ਜ਼ਿਲੇ ਨੇ ਇਸ ਪਾਸੇ ਅਜੇ ਤੱਕ ਕੋਈ ਪਹਿਲ ਕਦਮੀ ਨਹੀ ਦਿਖਾਈ ਹੈ। ਸ੍ਰ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕਮਿਸ਼ਨ ਆਪਣਾ ਅਸਰ ਰਸੂਖ ਵਰਤ ਕੇ ਕੇਂਦਰੀ ਪੱਧਰ ਤੇ ਪੀੜਤ ਕੁੜੀਆਂ ਨੂੰ ਰਾਹਤ ਦਵਾਉਣ ਵਾਲੇ ਕਾਨੂੰਨ ਨੂੰ ਹੋਂਦ ਵਿੱਚ ਲਿਆਉਣ ਦੀ ਪੁਰੀ ਕੋਸ਼ਿਸ਼ ਕਰੇਗਾ।
ਪੀੜਤ ਲੜਕੀ ਰਮਨਦੀਪ ਕੌਰ ਆਦਿ ਨੇ ਦੱਸਿਆ ਕਿ ਕਮਿਸ਼ਨ ਨਾਲ ਮਿਲਣ ਤੋਂ ਬਾਅਦ ਅੱਜ ਸਾਨੂੰ ਮਿਲੇ ਭਰੋਸੇ ਤੋਂ ਬਾਅਦ ਇਹ ਉਮੀਦ ਨਜ਼ਰ ਆਈ ਹੈ ਕਿ ਕੇਂਦਰ ਅੰਤਰਰਾਸ਼ਟਰੀ ਪੱਧਰ ਤੇ ਕੋਈ ਅਜਿਹਾ ਕਾਨੂੰਨ ਬਣਾਉਣਗੇ ਜਿਸ ਦੇ ਨਾਲ ਜਿਸ ਵਿਦੇਸ਼ੀ ਠੱਗ ਲਾੜੇ ਦੇ ਖਿਲਾਫ ਦਰਜ ਮੁਕੱਦਮਿਆਂ ਦੇ ਅਧਾਰਿਤ ਉਸ ਨੂੰ ਬਲੈਕ ਲਿਸਟ ਐਲਾਨਿਆਂ ਜਾਵੇ ਅਤੇ ਉਨਾ ਦੇ ਵਿਦੇਸ਼ ਆਉਣ ਜਾਣ ਤੇ ਪੱਕੀ ਪਾਬੰਦੀ ਲੱਗ ਸਕੇ।
ਕੈਪਸ਼ਨ : ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਸਰਕਟ ਹਾਊਸ ਵਿਖੇ ਪੀੜਤ ਲੜਕੀਆਂ ਦੇ ਨਾਲ ਮੀਟਿੰਗ ਲੈਂਦੇ ਹੋਏ ਨਾਲ ਬੈਠੇ ਹਨ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਸੁਪਰੀਮੋ ਸਤਨਾਮ ਸਿੰਘ ਗਿੱਲ, ਸਰਵਣ ਸਿੰਘ ਤਰਸਿੱਕਾ ਅਤੇ ਸੁਖਦੇਵ ਸਿੰਘ ਗਿੱਲ।