ਅਫਗਾਨਿਸਤਾਨ, 17 ਅਕਤੂਬਰ 2018 - ਅਫਗਾਨਿਸਤਾਨ 'ਚ ਹੋਏ ਆਤਮਘਾਤੀ ਹਮਲੇ 'ਚ ਮਾਰੇ ਗਏ ਸਿੱਖ ਅਵਤਾਰ ਸਿੰਘ ਖਾਲਸਾ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਆਉਣ ਵਾਲੀਆਂ 20 ਅਕਤੂਬਰ ਦੀਆਂ ਆਮ ਚੋਣਾਂ ਦੀ ਨੁਮਾਂਇੰਦਗੀ ਲਈ ਚੁਣੇ ਗਏ ਹਨ। ਨਰਿੰਦਰ ਸਿੰਘ ਖਾਲਸਾ ਦੇ ਪਿਤਾ ਅਵਤਾਰ ਸਿੰਘ ਖਾਲਸਾ, ਜਿੰਨ੍ਹਾਂ ਦੀ ਇਸੇ ਸਾਲ ਦੇ ਜੂਨ ਮਹੀਨੇ 'ਚ ਆਤਮਘਾਤੀ ਹਮਲੇ 'ਚ ਮੌਤ ਹੋ ਗਈ ਸੀ। ਅਫਗਾਨਿਸਤਾਨ ਦੀਆਂ ਇੰਨ੍ਹਾਂ ਆਮ ਚੋਣਾਂ ਲਈ ਅਵਤਾਰ ਸਿੰਘ ਖਾਲਸਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਹਮਲੇ ਦੌਰਾਨ ਅਵਤਾਰ ਸਿੰਘ ਖਾਲਸਾ ਦੇ ਨਾਲ 19 ਹੋਰ ਲੋਕ ਮਾਰੇ ਗਏ ਸਨ। ਨਰਿੰਦਰ ਸਿੰਘ ਖਾਲਸਾ ਵੀ ਉਨ੍ਹਾਂ ਦੇ ਨਾਲ ਹੀ ਸਨ ਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਪਿਤਾ ਦੇ ਚਲਾਣੇ ਤੋਂ ਬਾਅਦ ਨਰਿੰਦਰ ਸਿੰਘ ਖਾਲਸਾ ਨੇ ਹਿੰਦੂ-ਸਿੱਖਾਂ ਦੇ ਸਹਿਯੋਗ ਨਾਲ ਨਾਮਜ਼ਦਗੀ ਪੱਤਰ ਭਰੇ ਸਨ।
20 ਅਕਤੂਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਇਸ ਨੁਮਾਂਇੰਦਗੀ ਲਈ ਚੁਣੇ ਗਏ ਹਨ।ਨਰਿੰਦਰ ਸਿੰਘ ਖਾਲਸਾ ਦਾ ਅਫਗਾਨਿਸਤਾਨ 'ਚ ਮੁੱਖ ਕਿੱਤਾ ਕਾਰੋਬਾਰ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਿਆਸਤ 'ਚ ਉਹ ਸਿਰਫ ਤੇ ਸਿਰਫ ਹਿੰਦੂ, ਸਿੱਖ ਅਤੇ ਸਮੂਹ ਮੁਲਕ ਦੇ ਲੋਕਾਂ ਲਈ ਕੰਮ ਕਰਨ ਦੇ ਇਰਾਦੇ ਨਾਲ ਆਏ ਹਨ।
ਜ਼ਿਕਰਯੋਗ ਹੈ ਕਿ ਅਫਗਾਨ ਸੰਸਦ ਦੀਆਂ 250 ਸੀਟਾਂ ਲਈ 20 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ।