ਜਗਦੀਸ਼ ਥਿੰਦ
ਫਾਜ਼ਿਲਕਾ 15 ਅਕਤੂਬਰ
ਸੂਬਾ ਸਰਕਾਰ ਵੱਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਯੁਵਕ ਸੇਵਾਵਾਂ ਤੇ ਆਈ.ਟੀ.ਆਈ ਦੇ ਸਹਿਯੋਗ ਸਦਕਾ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਿਖਿਆਰਥੀਆਂ ਵੱਲੋਂ ਰੈਲੀ ਕੱਢੀ ਗਈ।
ਰੈਲੀ ਦੀ ਅਗਵਾਈ ਕਰ ਰਹੇ ਆਈ.ਟੀ.ਆਈ. ਦੇ ਮੁਖੀ ਸ੍ਰੀ ਹਰਦੀਪ ਕੁਮਾਰ ਨੇ ਦੱਸਿਆ ਕਿ ਇਹ ਰੈਲੀ ਕੱਢਣ ਦਾ ਮੁੱਖ ਮੰਤਵ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਤੇ ਰਹਿੰਦ-ਖੂਹੰਦ ਨੂੰ ਸਾੜਨ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਮਨੁੱਖੀ ਸਿਹਤ 'ਤੇ ਵੀ ਪ੍ਰਭਾਵ ਪੈਂਦਾ ਹੈ। ਰੈਲੀ ਦੌਰਾਨ ਸਿਖਿਆਰਥੀਆਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿੱਚ ਹੀ ਵਹਾਉਣ ਲਈ ਜਾਗਰੂਕ ਕੀਤਾ।
ਸੰਸਥਾ ਮੁੱਖੀ ਨੇ ਹੋਰ ਦੱਸਿਆ ਕਿ ਪਰਾਲੀ ਨੂੰ ਸਾੜਨ ਨਾਲ ਜਿੱਥੇ ਜ਼ਹਿਰੀਲੀ ਗੈਸ ਅਤੇ ਧੂੰਆਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ, ਉੱਥੇ ਇਸ ਨਾਲ ਮਿੱਟੀ ਦੇ ਲਾਭਕਾਰੀ ਜੈਵਿਕ ਗੁੁਣ ਨਸ਼ਟ ਹੋ ਜਾਂਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਵਾਹੁਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਕਿਸਾਨਾਂ ਨੂੰ ਰਸਾਇਣਿਕ ਖਾਦਾਂ 'ਤੇ ਘੱਟ ਨਿਰਭਰ ਰਹਿਣਾ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਫ਼ਸਲੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਵਾਹੁਣ ਦੀ ਅਪੀਲ ਕੀਤੀ।
ਇਸ ਮੌਕੇ ਯੂਵਕ ਸੇਵਾਵਾਂ ਵਿਭਾਗ ਦੇ ਨੁਮਾਇੰਦੇ ਸ੍ਰੀ ਅੰਕਿਤ ਕੁਮਾਰ, ਆਈ.ਟੀ.ਆਈ. ਦੇ ਅਧਿਕਾਰੀ ਸ੍ਰੀ ਹਰੀਸ਼ ਚੰਦਰ, ਐਨ.ਐਸ.ਐਸ. ਪ੍ਰੋਗਰਾਮ ਇੰਚਾਰਜ ਸ੍ਰੀ ਗੁਰਜੰਟ ਸਿੰਘ ਤੇ ਸ੍ਰੀ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਸਿਖਿਆਰਥੀ ਮੌਜੂਦ ਸਨ।