'ਬਾਦਲਾਂ ਨੂੰ ਐਸ.ਜੀ.ਪੀ.ਸੀ. ਤੋਂ ਬਾਹਰ ਹੋਣਾ ਚਾਹੀਦਾ ਹੈ ਪਰ ਗਰਮਖਿਆਲੀਆਂ ਦਾ ਸਮਰਥਨ ਨਹੀਂ ਕਰਾਂਗੇ' - ਕੈਪਟਨ
ਚੰਡੀਗੜ੍ਹ, 15 ਅਕਤੂਬਰ 2018 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਐਸ.ਜੀ.ਪੀ.ਸੀ. ਤੋਂ ਕੱਢਣ ਦਾ ਆਪਣਾ ਇਰਾਦਾ ਇੱਕ ਵਾਰ ਫਿਰ ਤੋਂ ਦੁਹਰਾਉਂਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਮਕਸਦ ਲਈ ਕੱਟੜਪੰਥੀਆਂ ਦਾ ਸਮਰਥਨ ਨਹੀਂ ਕਰਨਗੇ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ, "ਹੁਣ ਬਹੁਤ ਹੋ ਗਿਆ -ਬਾਦਲਾਂ ਨੂੰ ਬਾਹਰ ਹੋਣਾ ਚਾਹੀਦਾ ਹੈ।"
ਕੈਪਟਨ ਨੇ ਕਿਹਾ ਕਿ ਜੇਕਰ ਕੋਈ ਵੀ ਸਿੱਖ ਅੱਗੇ ਆਉਂਦੇ ਹਨ ਤਾਂ ਉਹ ਉਨ੍ਹਾਂ ਦਾ ਸਮਰਥਨ ਕਰਾਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਐਸ.ਜੀ.ਪੀ.ਸੀ. ਤੋਂ ਬਾਦਲਾਂ ਨੂੰ ਬਾਹਰ ਕੱਢਣ ਲਈ ਗਰਮ ਖਿਆਲੀਆਂ ਦਾ ਸਮਰਥਨ ਨਹੀਂ ਕਰਨਗੇ।
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜੇਗੀ, ਸਗੋਂ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ 'ਚੋਂ ਬਾਹਰ ਕਰਨ ਲਈ ਉਹ ਖੁਦ ਸਿੱਖ ਹੋਣ ਦੇ ਨਾਤੇ ਨਿੱਜੀ ਸਮਰਥਨ ਦੇਣਗੇ।