ਫਿਰੋਜ਼ਪੁਰ 25 ਸਤੰਬਰ (ਗੁਰਿੰਦਰ ਸਿੰਘ)-: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਸ਼ਹਿਜਾਦੀ ਵਿਖੇ ਅੱਜ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਬੂਟਾ ਸਿੰਘ (21) ਵਾਸੀ ਪਿੰਡ ਸ਼ਹਿਜਾਦੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਿੵਰਤਕ ਦਾ ਵਿਆਹ ਹਾਲੇ 5 ਦਿਨ ਪਹਿਲੋਂ ਹੀ ਹੋਇਆ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੂਟਾ ਸਿੰਘ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਪ੍ਰਕਾਰ ਦੇ ਨਸ਼ਿਆਂ ਦਾ ਆਦੀ ਸੀ। ਕਰੀਬ 5 ਦਿਨ ਪਹਿਲਾਂ ਹੀ ਬੂਟਾ ਸਿੰਘ ਦਾ ਵਿਆਹ ਕੀਤਾ ਸੀ ਅਤੇ ਬੀਤੇ ਦਿਨ ਬੂਟਾ ਸਿੰਘ ਕਿਤੋਂ ਨਸ਼ਾ ਲੈ ਕੇ ਆਇਆ ਤੇ ਉਸ ਦਾ ਸੇਵਨ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਘੱਟ ਮਾਤਰਾ ਵਿਚ ਖਾਣ ਵਾਲੇ ਨਸ਼ੇ ਦਾ ਬੂਟਾ ਸਿੰਘ ਨੇ ਵੱਧ ਮਾਤਰਾ ਵਿਚ ਸੇਵਨ ਕਰ ਲਿਆ, ਜਿਸ ਕਾਰਨ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ। ਪਰਿਵਾਰਿਕ ਮੈਂਬਰਾਂ ਵਲੋਂ ਜਦੋਂ ਬੂਟਾ ਸਿੰਘ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਗਿਆ ਤਾਂ ਇਲਾਜ਼ ਦੌਰਾਨ ਬੂਟਾ ਸਿੰਘ ਦਫੀ ਮੌਤ ਹੋ ਗਈ। ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚੀ ਪੁਲਿਸ ਵਲੋਂ ਮ੍ਰਿਤਕ ਬੂਟਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਨੂੰ ਕਮਲਬੰਦ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਫਿਰੋਜ਼ਪੁਰ ਵਿਚ ਹੁਣ ਤੱਕ ਕਰੀਬ 3 ਦਰਜਨ ਤੋਂ ਵੱਧ ਨੌਜਵਾਨ ਨਸ਼ੇ ਦੀ ਭੇਂਟ ਚੜ ਚੁੱਕੇ ਹਨ।