ਤਸਵੀਰ - ਡੇਲੀ ਪਾਕਿਸਤਾਨ
ਲਾਹੌਰ, 25 ਸਤੰਬਰ 2018 - ਇੱਕ ਅਮਰੀਕੀ ਔਰਤ ਨੇ ਆਪਣੀ ਧੀ ਦੀ ਯਾਦ 'ਚ ਪਾਕਿਸਤਾਨ 'ਚ ਸਕੂਲ ਬਣਾ ਦਿੱਤਾ। ਉਸਦੀ ਧੀ ਅਲੀਜ਼ਾਬੈਥ ਕਰੀਬ 14 ਸਾਲ ਪਹਿਲਾਂ ਮਾਨਸਿਕ ਤਣਾਅ ਨਾ ਝੱਲਦਿਆਂ ਖੁਦਕੁਸ਼ੀ ਕਰ ਗਈ ਸੀ।
39 ਸਾਲਾ ਅਲੀਜ਼ਾਬੈਥ ਸਾਲ 1993 ਵਿਚ ਪਾਕਿਸਤਾਨ ਦੀ ਜੰਨਤ ਕਹੀ ਜਾਣ ਵਾਲੀ ਜਗ੍ਹਾ 'ਹੁੰਜ਼ਾ' ਵਿਚ ਕੁਝ ਮਹੀਨਿਆਂ ਲਈ ਆਈ ਸੀ। ਪਰ ਉਸਨੂੰ ਇਸ ਜਗ੍ਹਾ ਦੀ ਖੂਬਸੂਰਤੀ ਨਾਲ ਇੰਨਾ ਪਿਆਰ ਹੋ ਗਿਆ ਕਿ ਉਹ ਵਾਪਸ ਅਮਰੀਕਾ ਨਹੀਂ ਪਰਤੀ ਤੇ ਇਥੇ ਹੀ ਇਕ ਅਲ-ਮੁਰਤਜ਼ਾ ਅਕੈਡਮੀ ਵਿਚ ਸਾਇੰਸ ਦੀ ਟੀਚਰ ਲੱਗ ਗਈ। ਪਰ ਉਸਦੇ ਵੀਜ਼ੇ ਦੀ ਮਿਆਦ ਦੇ ਚੱਕਰ ਕਾਰਨ ਉਸਨੂੰ 1994 'ਚ ਵਾਪਸ ਅਮਰੀਕਾ 'ਚ ਮੁੜਨਾ ਪਿਆ। ਜਿਸਤੋਂ ਬਾਅਦ ਉਹ ਵਾਪਸ 'ਹੁੰਜ਼ਾ' ਨਹੀਂ ਆਈ ਤੇ ਉਸਨੇ ਖੁਦਕੁਸ਼ੀ ਕਰ ਲਈ।
ਹੁੰਜ਼ਾ 'ਚ ਅਕੈਡਮੀ ਸਥਾਪਤ ਹੋਣ ਮਗਰੋਂ ਸਨਮਾਨਤ ਹੁੰਦੀ ਅਲੀਜ਼ਾਬੈਥ ਦੀ ਮਾਂ
ਅਲੀਜ਼ਾਬੈਥ ਦੀ ਮਾਂ ਡਿਆਨਾ 2007 ਵਿਚ ਪਹਿਲੀ ਵਾਰ ਪਾਕਿਸਤਾਨ ਗਈ ਤੇ ਉਥੇ ਉਸਨੇ ਆਪਣੀ ਧੀ ਵਾਂਗ ਉਥੋਂ ਦੇ ਲੋਕਾਂ ਦੀ ਭਲਾਈ ਕਰਨ ਦੀ ਠਾਣੀ। ਜਿਸ ਸਕੂਲ ਵਿਚ ਅਲੀਜ਼ਾਬੈਥ ਨੇ ਪੜ੍ਹਾਇਆ ਸੀ, ਉਸ ਵੱਲੋਂ ਅਲੀਜ਼ਾਬੈਥ ਦੀ ਮਾਂ ਕੋਲੋਂ ਮਾਲੀ ਮਦਦ ਦੀ ਮੰਗ ਕੀਤੀ ਗਈ।
2008 'ਚ ਡਿਆਨਾ ਨੇ ਅਲ-ਮੁਰਤਜ਼ਾ ਅਕੈਡਮੀ ਲਈ ਨਵੀਂ ਇਮਾਰਤ ਬਣਾੳਣ ਦਾ ਮਨ ਬਣਾਇਆ । ਜਿਸ 'ਚ ਉਸਨੇ 10 ਸਾਲਾਂ 'ਚ ਕਰੀਵ ਵੀਹ ਵਾਰ ਪਾਕਿਸਤਾਨ ਫੇਰੀ ਪਾਈ ਅਤੇ ਅਖੀਰ ਉਹ ਆਪਣੀ ਮਰਹੂਮ ਧੀ ਦੀ ਯਾਦ ਵਿਚ ਸਕੂਲ ਸਥਾਪਤ ਕਰਨ 'ਚ ਕਾਮਯਾਬ ਰਹੀ। ਇਹ ਸਕੂਲ ਗਿਲਗਿਤ - ਬਲਤਿਸਤਾਨ 'ਚ ਪਹਿਲਾ ਭੂਚਾਲ ਰਹਿਤ ਸਕੂਲ ਬਣਿਆ ਅਤੇ ਇਸ ਸਕੂਲ ਵਿਚ ਸਰੀਰਕ ਅਫੰਗ ਬੱਚਿਆਂ ਲਈ ਖਾਸ ਸਿੱਖਿਆ ਦਾ ਪ੍ਰਬੰਧ ਹੈ।