ਲੰਦਨ, 25 ਸਤੰਬਰ 2018 - ਬਰਤਾਨੀਆ ਕੁਈਨ ਅਲੀਜ਼ਾਬੇਥ - 2 ਦੇ ਜਨਮਦਿਨ ਸਮਾਰੋਹ ਦੌਰਾਨ ਸਲਾਨਾ ਪਰੇਡ 'ਚ ਪਹਿਲੇ ਸਿੱਖ ਪਗੜੀਧਾਰੀ ਨੌਜਵਾਨ ਨੇ ਹਿੱਸਾ ਲੈ ਕੇ ਇਤਿਹਾਸ ਸਿਰਜਿਆ ਸੀ। ਪਰ ਹੁਣ ਇਹੀ 22 ਸਾਲਾ ਨੌਜਵਾਨ ਚਰਨਪ੍ਰੀਤ ਸਿੰਘ ਲੱਲ ਆਪਣੇ ਇਸ ਅਹੁਦੇ ਤੋਂ ਕੱਢੇ ਜਾਣ ਦੀ ਸੰਭਾਵਨਾ ਦੀਆਂ ਸੁਰਖੀਆਂ 'ਚ ਹੈ।
ਵਿਦੇਸ਼ੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਚਰਨਪ੍ਰੀਤ ਸਿੰਘ ਪਿਛਲੇ ਹਫਤੇ ਆਪਣੀ ਬੈਰਕ ਦੇ ਹੋਏ ਡਰੱਗ ਟੈਸਟ 'ਚੋਂ ਫੇਲ ਹੋ ਗਿਆ ਸੀ। ਚਰਨਪ੍ਰੀਤ ਲੱਲ ਵਿੰਡਸਰ ਦੇ ਵਿਕਟੋਰੀਆ ਬੈਰਕਾਂ ਵਿਚ ਟੈਸਟ ਵਿਚ ਫੇਲ੍ਹ ਹੋਣ ਵਾਲੇ ਤਿੰਨ ਸਿਪਾਹੀਆਂ ਵਿਚੋਂ ਇਕ ਹੈ।
ਚਰਨਪ੍ਰੀਤ ਲੱਲ ਪੰਜਾਬ ਦਾ ਜੰਮਪਲ ਹੈ ਅਤੇ ਉਹ ਨਿੱਕੀ ਉਮਰੇ ਆਪਣੇ ਪਰਿਵਾਰ ਨਾਲ ਯੂਕੇ ਜਾ ਕੇ ਵਸਣ ਲੱਗ ਪਿਆ ਸੀ। ਜਨਵਰੀ 2016 ਵਿਚ ਲੱਲ ਨੇ ਬ੍ਰਿਟਿਸ਼ ਫੌਜ ਜੁਆਇਨ ਕਰ ਲਈ ਸੀ।
ਲੰਘੀ ਜੂਨ ਵਿੱਚ ਇਸ ਸਿੱਖ ਨੌਜਵਾਨ ਨੇ ਰਾਣੀ ਦੇ ਇੰਨ੍ਹਾਂ ਸਿਪਾਹੀਆਂ 'ਚ ਭਰਤੀ ਹੋ ਕੇ ਪੂਰੀ ਦੁਨੀਆ 'ਚ ਸਿੱਖਾਂ ਨੂੰ ਪਹਿਚਾਣ ਦਿਵਾਉਣ ਵਿਚ ਆਪਣਾ ਯੋਗਦਾਨ ਪਾ ਨਵਾਂ ਇਤਿਹਾਸ ਰਚਿਆ ਸੀ ਅਤੇ ਖੂਬ ਸੁਰਖੀਆਂ ਬਟੋਰੀਆਂ ਸਨ।