ਰਾਜੂ ਵਿਲੀਅਮ
ਲੁਧਿਆਣਾ, 25 ਸਤੰਬਰ 2018 - ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਕਾਰਨ ਪੰਜਾਬ 'ਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਪਰ ਮੰਗਲਵਾਰ ਦੀ ਸਵੇਰ ਚਮਕਦੇ ਸੂਰਜ ਨਾਲ ਚੜ੍ਹੀ। ਪਰ ਹਾਲੇ ਵੀ ਪੰਜਾਬ 'ਚ ਅਗਲੇ 72 ਘੰਟਿਆਂ ਲਈ ਚੇਤਾਵਨੀ ਜਾਰੀ ਹੈ।
ਦੱਖਣ ਪੱਛਮੀ ਜ਼ਿਲ੍ਹਿਆਂ ਵਿਚ ਆਸਮਾਨ ਸਾਫ ਨਜ਼ਰ ਆ ਰਿਹਾ ਹੈ ਪਰ ਪਹਾੜੀ ਇਲਾਕਿਆਂ ਦੇ ਨੇੜੇ ਪੈਂਦੇ ਇਲਾਕਿਆਂ ਰੂਪਨਗਰ, ਹੁਸ਼ਿਆਰਪੁਰ, ਨਵਾਂਸ਼ਹਿਰ, ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਨੂੰ ਅਜੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ।
ਗੁਆਂਢੀ ਪਹਾੜੀ ਰਾਜਾਂ ਵਿੱਚ ਮੌਜੂਦਾ ਮੌਸਮ ਦੀ ਸਥਿਤੀ ਅਜੇ ਵੀ ਚਿੰਤਾ ਦਾ ਕਾਰਨ ਹੈ। ਇਸ ਤੋਂ ਇਲਾਵਾ, ਲੰਬੇ ਸਮੇਂ ਤਕ ਬਾਰਸ਼ ਰਹਿਣ ਕਾਰਨ ਸੂਬੇ ਦੇ ਪ੍ਰਸ਼ਾਸਨ ਨੇ ਅਲਰਟ ਪਹਿਲਾਂ ਤੋਂ ਹੀ ਜਾਰੀ ਕਰ ਦਿੱਤਾ ਹੈ।
ਇਕ ਸੀਨੀਅਰ ਅਫਸਰ ਨੇ ਕਿਹਾ ਕਿ 'ਮੌਸਮ ਦਾ ਸਾਫ ਹੋਣਾ ਇੱਕ ਚੰਗੀ ਗੱਲ ਹੈ, ਪਰ ਫਿਰ ਵੀ ਅਗਲੇ 72 ਘੰਟਿਆਂ ਲਈ ਚੌਕਸੀ ਵਰਤਣੀ ਪਵੇਗੀ।'
ਮੰਗਲਵਾਰ ਦੀ ਸ਼ਾਮ ਤੱਕ ਪੋਂਗ ਡੈਮ 'ਚ ਵੱਧ ਤੋਂ ਵੱਧ 30,000 ਕਿਊਸਿਕ ਪਾਣੀ ਜਾਰੀ ਕੀਤਾ ਜਾਵੇਗਾ। ਜਿਸਦੀ ਸੋਮਵਾਰ ਨੂੰ ਹੀ ਇੱਕ ਚੇਤਾਵਨੀ ਜਾਰੀ ਕੀਤੀ ਗਈ ਸੀ।