ਚੰਡੀਗੜ੍ਹ, 24 ਸਤੰਬਰ 2018 - ਹੁਣ ਦੇਸ਼ ਦੇ ਰਾਸ਼ਟਰਪਤੀ ,ਸੂਬੇ ਦੇ ਰਾਜਪਾਲ , ਮੁੱਖ ਮੰਤਰੀ ਜਾਂ ਕੋਈ ਵੀ ਮੰਤਰੀਆਂ ਲਈ ਅਤਿ ਸਤਿਕਾਰਯੋਗ ਸ਼ਬਦਾਂ, (ਮਹਾਂਮਹਿਮ, ਮਾਣਯੋਗ) ਦੀ ਵਰਤੋਂ ਕਰਨ 'ਤੇ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਇਸ ਫੈਸਲੇ 'ਤੇ ਸੂਬੇ ਦੇ ਮੁੱਖ ਮੰਤਰੀ ਤੇ ਰਾਜਪਾਲ ਨੇ ਵੀ ਆਪਣੀ ਸਹਿਮਤੀ ਜ਼ਾਹਰ ਕੀਤੀ।
ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੁਆਰਾ 31-01-2013 ਨੂੰ ਜਾਰੀ ਕੀਤੇ ਆਫਿਸ ਮੈਮੋਰੈਂਡਮ ਵੱਲ੍ਹ ਧਿਆਨ ਦਿਵਾਉਂਦੇ ਕਿਹਾ ਗਿਆ ਕਿ ਰਾਸ਼ਟਰਪਤੀ ਨੂੰ ਸੰਬੋਧਨ ਕਰਦੇ ਮਹਾਂਮਹਿਮ ਤੇ ਮਾਣਯੋਗ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਸਗੋਂ ਇਸਦੀ ਜਗ੍ਹਾ 'ਰਾਸ਼ਟਰਪਤੀ ਜੀ' ਜਾਂ 'ਰਾਸ਼ਟਰਪਤੀ ਮਹੋਦਯ' ਵਰਗੇ ਸ਼ਬਦਾਂ ਦੀ ਹੀ ਵਰਤੋਂ ਕਰਨੀ ਹੈ।
ਉਸੇ ਤਰ੍ਹਾਂ ਸੂਬੇ ਦੇ ਰਾਜਪਾਲ ਨੂੰ ਦਫਤਰੀ ਭਾਸ਼ਾ 'ਚ ਕੇਵਲ 'ਰਾਜਪਾਲ ਜੀ' ਕਹਿ ਕੇ ਸੰਬੋਧਨ ਕੀਤਾ ਜਾਵੇ। ਹੋਰ ਤੇ ਹੋਰ ਮੁੱਖ ਮੰਤਰੀ ਲਈ 'ਮਾਣਯੋਗ' ਸ਼ਬਦ ਦੀ ਵੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਸਦੇ ਬਦਲੇ ਦਫਤਰੀ ਭਾਸ਼ਾ 'ਚ 'ਮੁੱਖ ਮੰਤਰੀ ਜੀ' ਲਿਖਿਆ ਜਾਵੇ ਜਾਂ ਕਿਹਾ ਜਾਵੇ।
ਇਸ ਫੁਰਾਮਨ 'ਚ ਸੂਬੇ ਦੇ ਬਾਕੀ ਮੰਤਰੀਆਂ ਨੂੰ ਵੀ ਦਫਤਰੀ ਭਾਸ਼ਾ 'ਚ ਉਨ੍ਹਾਂ ਦੇ ਵਿਭਾਗੀ ਅਹੁਦਿਆਂ ਨਾਲ ਸੰਬੋਧਨ ਕਰਨ ਲਈ ਹਦਾਇਤਾਂ ਹਨ। ਜਿਵੇਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਲੋਕ ਨਿਰਮਾਣ ਮੰਤਰੀ ਆਦਿ। ਇਹ ਵੀ ਕਿਹਾ ਗਿਆ ਕਿ ਜੇ ਕਿਸੇ ਮੰਤਰੀ ਨੂੰ ਕਿਸੇ ਸਮਾਗਮ 'ਚ ਸੰਬੋਧਨ ਕਰਨਾ ਹੋਵੇ ਤਾਂ ਵਿਭਾਗ ਨਾਲ ਨਾਮ ਜੋੜ ਕੇ ਉਨ੍ਹਾਂ ਨੂੰ 'ਮੰਤਰੀ ਜੀ' ਕਹਿ ਕੇ ਸੰਬੋਧਨ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ 'ਮਹਾਮਹਿਮ, ਮਾਣਯੋਗ ਵਰਗੇ ਸ਼ਬਦਾਂ ਦਾ ਅੰਗ੍ਰੇਜ਼ੀ ਤਰਜ਼ਮਾਂ 'His Excellency', 'Your Highness', 'My Lord' ਵਰਗੇ ਸ਼ਬਦ ਅੰਗ੍ਰੇਜ਼ਾਂ ਵੇਲੇ ਵਰਤੇ ਜਾਂਦੇ ਰਹੇ ਹਨ ਤੇ ਉਸੇ ਨੂੰ ਅੱਗੇ ਦੀ ਅੱਗੇ ਭਾਰਤੀ ਦਫਤਰੀ ਭਾਸ਼ਾ 'ਚ ਵਰਤਿਆ ਜਾਣ ਲੱਗ ਪਿਆ ਸੀ।