ਫ਼ਿਰੋਜ਼ਪੁਰ 24 ਸਤੰਬਰ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਅੱਜ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿੰਚਾਈ, ਡਰੇਨਜ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦੀ ਹਦਾਇਤ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਨੇ ਅਧਿਕਾਰੀਆਂ ਤੋਂ ਦਰਿਆ ਸਤਲੁਜ ਦੇ ਨਾਲ ਧੁੱਸੀ ਬੰਨ੍ਹ ,ਨੋਚਾਂ, ਸਪਰਾ ਆਦਿ ਦੀ ਮਜ਼ਬੂਤੀ ਸਬੰਧੀ ਜਾਣਕਾਰੀ ਲਈ। ਉਨ੍ਹਾਂ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਭਾਵਿਤ ਹੜ੍ਹਾਂ ਦੀ ਸਥਿਤੀ ਲਈ ਮੈਡੀਕਲ ਸਹੂਲਤਾਂ, ਖਾਣ ਪੀਣ ਦੀਆਂ ਵਸਤਾਂ ਦੇ ਭੰਡਾਰ, ਪਸ਼ੂਆਂ ਦੇ ਚਾਰੇ ਅਤੇ ਡਾਕਟਰੀ ਸਹੂਲਤਾਂ, ਬਿਜਲੀ ਸਪਲਾਈ, ਸੜਕਾਂ ਦੀ ਆਵਾਜਾਈ ਚਾਲੂ ਰੱਖਣ, ਟਰਾਂਸਪੋਰਟ ਸਬੰਧੀ, ਪੁਲਿਸ ਗਸ਼ਤ, ਟੈਲੀਫ਼ੋਨ ਸੇਵਾਵਾਂ ਚਾਲੂ ਰੱਖਣ ਜ਼ਰੂਰੀ ਵਸਤੂਆਂ ਦੇ ਪ੍ਰਬੰਧ ਪਹਿਲ ਦੇ ਆਧਾਰ ਤੇ ਕਰਨ ਆਦਿ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਵਿਚ ਬੀ.ਐਸ.ਐਫ, ਹੋਮਗਾਰਡ, ਆਰਮੀ, ਸਿਵਲ ਡਿਫੈਂਸ ਅਤੇ ਸਵੈ ਸੇਵੀ ਜਥੇਬੰਦੀਆਂ ਆਦਿ ਦਾ ਵੀ ਸਹਿਯੋਗ ਲਿਆ ਜਾਵੇ।
ਉਨ੍ਹਾਂ ਨੇ ਸਬ ਡਵੀਜ਼ਨਲ ਮੈਜਿਸਟਰੇਟਾਂ ਨੂੰ ਵੀ ਇਸ ਸਥਿਤੀ ਨਾਲ ਨਿਪਟਣ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਆਖਿਆ ਅਤੇ ਦਰਿਆ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਆਪਣੇ ਪੱਧਰ ਤੇ ਫੋਰਸ ਟੀਮਾਂ ਤਿਆਰ ਕਰਨ ਅਤੇ ਦਰਿਆ ਦੀ ਮਾਰ ਹੇਠਲੇ ਪਿੰਡਾਂ ਦੇ ਲੋਕਾਂ ਨੂੰ ਇਸ ਰੈੱਡ ਅਲਰਟ ਸਬੰਧੀ ਤਿਆਰ ਰਹਿਣ ਲਈ ਸੁਚੇਤ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਸਮੂਹ ਮਾਲ ਅਫ਼ਸਰਾਂ, ਅਮਲਾ ਕਾਨੂੰਨਾਂ, ਪਟਵਾਰੀਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰੱਖਣ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਜ਼ਿਲ੍ਹਾ ਹੈੱਡਕੁਆਟਰ ਤੇ ਸਥਾਪਿਤ ਕੰਟਰੋਲ ਰੂਮ ਦੇ ਨੰਬਰ 01632-244024 ਤੇ ਸੰਪਰਕ ਕਰਨ।
ਉਨ੍ਹਾਂ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਪੈਣ ਨਾਲ ਸੰਭਾਵੀ ਹੜ੍ਹਾਂ ਦੀ ਸਥਿਤੀ ਬਣਨ ਕਾਰਨ ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾਂ/ਕੰਢਿਆਂ ਦੇ ਟੁੱਟਣ ਦੀ ਸਥਿਤੀ ਵਿਚ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਕੰਟਰੋਲ ਰੂਮ ਵਿਖੇ ਦਿੱਤੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿਚ ਜਨਤਕ ਜੀਵਨ ਅਤੇ ਜਾਇਦਾਦ ਨੂੰ ਕਿਸੇ ਘਟਨਾ ਤੋਂ ਬਚਾਉਣ ਲਈ ਦਰਿਆਵਾਂ/ਨਦੀਆਂ ਅਤੇ ਬੰਨ੍ਹਾਂ ਆਦਿ ਦੀ ਨਿਗਰਾਨੀ ਕਰਨੀ ਜ਼ਰੂਰੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰ: ਗੁਰਮੀਤ ਸਿੰਘ ਮੁਲਤਾਨੀ ਵੱਲੋਂ ਐਕਟ 1918 ਦੀ ਧਾਰਾ 3 (1) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਵਿਅਕਤੀ/ਆਦਮੀ (65 ਸਾਲ ਤੋਂ ਘੱਟ ਉਮਰ ਦੇ) ਪਿੰਡਾਂ ਵਿਚ ਦਰਿਆ/ਨਦੀਆਂ, ਨਾਲੇ, ਪੁਲਾਂ, ਰੇਲਵੇ ਲਾਈਨਾਂ, ਬਿਜਲੀ ਘਰਾਂ, ਬਿਜਲੀ ਦੇ ਖੰਭਿਆਂ, ਬੰਨ੍ਹਾਂ ਅਤੇ ਹੋਰ ਮਹੱਤਵਪੂਰਨ ਇਮਾਰਤਾਂ ਦੇ ਬਚਾਓ ਲਈ ਗਸ਼ਤ ਅਤੇ ਪਹਿਰਾ/ਰਾਖੀ ਦੀ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਪੁਲ, ਦਰਿਆ ਜਾਂ ਨਹਿਰ ਦੇ ਟੁੱਟ ਜਾਣ ਦੀ ਸੰਭਾਵਨਾ ਹੋਵੇ ਤਾਂ ਉਹ ਇਸ ਸਬੰਧੀ ਸੂਚਨਾ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਬੰਧਿਤ ਉਪ ਮੰਡਲ ਮੈਜਿਸਟਰੇਟ ਨੂੰ ਦੇਣ।
ਉਧਰ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 25 ਸਤੰਬਰ ਨੂੰ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਕਰਨ ਦੇ ਕੀਤੇ ਐਲਾਨ ਤਹਿਤ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਕਾਲਜ ਵੀ 25 ਸਤੰਬਰ 2018 ਨੂੰ ਬੰਦ ਰਹਿਣਗੇ।