ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕ ਹਰਿੰਦਰ ਸੰਧੂ, ਅਰਸ਼ਦੀਪ ਅਰਸ਼, ਗੱਗੂ ਗਿੱਲ ਪ੍ਰੋਗਰਾਮ ਪੇਸ਼ ਕਰਦੇ ਹੋਏ, ਲੋਕ ਗਾਇਕ ਇੰਦਰਜੀਤ ਨਿੱਕੂ ਨੂੰ ਸਨਮਾਨਿਤ ਕਰਦੇ ਹੋਏ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ, ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਹੋਰ।
ਫ਼ਰੀਦਕੋਟ, 23 ਸਤੰਬਰ 2018: ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਜਸ਼ਨਾਂ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ 'ਚ ਲੜੀ 'ਚ ਦਰਗਾਰ ਗੰਜ ਕੰਪਲੈੱਕਸ ਫ਼ਰੀਦਕੋਟ ਵਿਖੇ ਸੱਭਿਆਚਾਰਕ ਸੁਸਾਇਟੀ ਫ਼ਰੀਦਕੋਟ ਵੱਲੋਂ ਕਰਵਾਇਆ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਹਲਕਾ ਫ਼ਰੀਦਕੋਟ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਸੰਦੀਪ ਸਿੰਘ ਸੰਨੀ ਬਰਾੜ ਓ.ਐੱਸ.ਡੀ.ਟੂ.ਮੁੱਖ ਮੰਤਰੀ ਪੰਜਾਬ, ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਕੀਤੀ। ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਲੋਕ ਗਾਇਕ ਰੂਬੀ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਨਾਲ ਕੀਤੀ। ਫ਼ਿਰ ਲੋਕ ਤੱਥ ਤੇ ਮਿੱਟੀ ਦਾ ਬਾਵਾ ਪੇਸ਼ ਕਰਕੇ ਸਰੋਤਿਆਂ ਨੂੰ ਟਿਕ ਦੇ ਬੈਠਣ ਵਾਸਤੇ ਮਜ਼ਬੂਰ ਕੀਤਾ। ਬਾਲ ਗਾਇਕ ਸਿਮਰਜੀਤ ਸਿੰਘ ਨੇ ਲੋਕ ਗਾਥਾ ਮਿਰਜ਼ਾ ਰਾਹੀਂ ਹਾਜ਼ਰੀ ਲਗਵਾਈ। ਉੱਭਰਦੇ ਗਾਇਕ ਜਸਪ੍ਰੀਤ ਸੰਘਾ ਨੇ ਯਾਰੀਆਂ, ਵਿਲੇਜ਼ਰ ਮੁੰਡੇ, ਮੁੱਛਾਂ ਤਾਂਹ ਰੱਖਦੇ ਗੀਤਾਂ ਨਾਲ ਪ੍ਰਭਾਵਿਤ ਕੀਤਾ। ਫ਼ਿਰ ਸੁਰੀਲੇ ਗਾਇਕ ਅਰਸ਼ਦੀਪ ਅਰਸ਼ ਨੇ ਕਰੀਬ ਅੱਧਾ ਘੰਟਾ ਆਪਣੇ ਚਰਚਿਤ ਗੀਤਾਂ ਨਾਲ ਸਰੋਤਿਆਂ ਪ੍ਰਭਾਵਿਤ ਕੀਤਾ। ਲੋਕ ਗਾਇਕ ਹਰਿੰਦਰ ਸੰਧੂ ਨੇ ਵਰਦੇ ਮੀਂਹ 'ਚ ਬਾਬਾ ਫ਼ਰੀਦ ਜੀ ਦੀ ਮਹਿਮਾ ਤੋਂ ਸ਼ੁਰੂਆਤ ਕਰਕੇ ਆਪਣੇ ਸੁਪਰਹਿੱਟ ਗੁੱਡੀ ਦਾ ਪ੍ਰਾਹਣਾ, ਸਾਡੇ ਬੁਜ਼ਰਗਾਂ ਨੇ ਸੱਚ ਦੱਸਿਆ, ਸਾਡੇ ਵੇਲੇ ਚੰਗੇ ਸੀ, ਬਚਪਨ, ਲੋਕ ਤੱਥ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲੀ ਰੱਖਿਆ। ਲੋਕ ਗਾਇਕ ਨਿਸ਼ਾ ਖਾਨ ਨੇ ਕਰੀਬ 35 ਮਿੰਟ ਪੰਜਾਬੀ ਗਾਇਕੀ ਦੀਆਂ ਅਲੱਗ-ਅਲੱਗ ਵੰਨਗੀਆਂ ਪੇਸ਼ ਕਰਦਿਆਂ ਸਰੋਤਿਆਂ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਪੰਜਾਬੀ ਸਿਨੇਮਾ ਦਾ ਸਦਾਬਹਾਰ ਅਦਾਕਾਰ ਗੱਗੂ ਗਿੱਲ ਦੀ ਸਟੇਜ ਤੇ ਆਮਦ ਹੁੰਦਿਆਂ ਪੰਡਾਲ 'ਚ ਸਰੋਤਿਆਂ ਦਾ ਹੜ ਆ ਗਿਆ ਜਾਪਿਆ। ਉਨ•ਾਂ ਜੱਟ ਜਿਊਣਾ ਮੌੜ, ਬਦਲਾ ਜੱਟੀ ਦਾ ਤੋਂ ਸ਼ੁਰੂ ਆਪਣੀ ਸਾਰੀਆਂ ਮਕਬੂਲ ਫ਼ਿਲਮਾਂ ਦੇ ਡਾਇਲਾਗ ਸੁਣਾ ਕੇ ਦਰਸ਼ਕਾਂ ਦਾ ਮਨ ਮੋਹਿਆ। ਅੰਤ 'ਚ ਸਰੋਤਿਆਂ ਦੇ ਚਹੇਤੇ ਗਾਇਕ ਇੰਦਰਜੀਤ ਨਿੱਕੂ ਵੱਲੋਂ ਪ੍ਰਮਾਤਮਾ ਨੂੰ ਯਾਦ ਕਰਨ ਤੋਂ ਬਾਅਦ, ਹੁਣ ਮੇਰਾ ਰੁੱਸਣ ਨੂੰ ਜੀ ਕਰਦੈ, ਕਮਲੀ, ਕਿਵੇਂ ਚਿਣਦਾ ਸੋਹਣਿਆ, ਬੰਦੇ ਵੀ ਦੇਸੀ ਆ, ਨਸੀਓ ਚੇਤੇ ਕਰਦੀ, ਮੈਂ ਤਾਜ ਬਣਾਂਵਾ ਕੀਹਦੈ ਲਈ ਸਮੇਤ ਆਪਣੇ ਸੁਪਰਹਿੱਟ ਗੀਤਾਂ ਨਾਲ ਕਰੀਬ ਦੋ ਘੰਟੇ ਤੱਕ ਸਰੋਤਿਆਂ ਨੂੰ ਮੀਂਹ ਪੈਣ ਦਾ ਬਾਵਜੂਦ ਮੰਤਰ ਮੁਗਧ ਕੀਤਾ ਸਰੋਤੇ ਪੰਡਾਲ 'ਚ ਭਿੱਜ ਕੇ ਉਸ ਦੀ ਗਾਇਕੀ ਨੂੰ ਮਾਣਦੇ ਰਹੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਇਸ ਮੌਕੇ ਪਲਵਿੰਦਰ ਸਿੰਘ ਪੱਡਾ ਡੀ.ਐੱਸ.ਪੀ, ਬਬਨਪ੍ਰੀਤ ਸਿੰਘ ਵਾਲੀਆ ਸਹਾਇਕ ਕਮਿਸ਼ਨਰ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾਂ ਵਿਭਾਗ, ਸੁਭਾਸ਼ ਚੰਦਰ ਸਕੱਤਰ ਰੈੱਡ ਕਰਾਸ ਸ਼ਾਖਾ, ਭੰਗੜਾ ਕੋਚ ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ, ਪਾਲ ਸਿੰਘ ਸੰਧੂ ਹਾਜ਼ਰ ਸਨ।