ਅੰਤਰ-ਰਾਸ਼ਟਰੀ ਡਿਜ਼ਾਇਨਿੰਗ ਕਾਨਫਰੈਂਸ ਦੌਰਾਨ ਲੱਗੀ ਕਲਾ ਪ੍ਰਦਰਸ਼ਨੀ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਤਿੰਨ ਵਿਭਾਗਾਂ ਫੈਸ਼ਨ ਡਿਜ਼ਾਇੰਨਿਗ, ਫਾਈਨ ਆਰਟਸ ਅਤੇ ਇੰਡਸਟਰੀਅਲ ਡਿਜ਼ਾਇੰਨਿਗ ਵਿਭਾਗ ਵੱਲੋਂ 'ਇੰਟਰਨੈਸ਼ਨਲ ਡਿਜ਼ਾਇਨ' ਵਿਸ਼ੇ ਨੂੰ ਲੈਕੇ ਇੱਕ ਦੋ ਦਿਨਾਂ ਅੰਤਰ-ਰਾਸ਼ਟਰੀ ਕਾਨਫਰੈਂਸ ਦਾ ਆਯੋਜਨ ਕੀਤਾ ਗਿਆ ।ਇਸ ਕਾਨਫਰੈਂਸ ਦੌਰਾਨ ਡਿਜ਼ਾਇਨਿੰਗ ਦੇ ਖੇਤਰ ਵਿੱਚ ਅੰਤਰ-ਰਾਸ਼ਟਰੀ ਮੁਹਾਰਤ ਰੱਖਣ ਵਾਲੇ ਬੁਲਾਰਿਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਨਾਲ ਵਿਚਾਰਕ ਸਾਂਝ ਪਾਉਂਦੇ ਹੋਏ ਉਹਨਾਂ ਨੂੰ ਪ੍ਰੋਫੈਸ਼ਨਲ ਡਿਜ਼ਾਇਨਰ ਬਣਨ ਦੇ ਲਈ ਜਰੂਰੀ ਨੁੱਕਤੇ ਸਾਂਝੇ ਕੀਤੇ।ਕਾਨਫਰੈਂਸ ਦੇ ਦੂਜੇ ਅਤੇ ਆਖਰੀ ਦਿਨ ਵਿਦਿਆਰਥੀਆਂ ਵੱਲੋਂ ਆਪਣੇ ਰਚਨਾਤਮਿਕ ਅਤੇ ਕਲਾ-ਭਰਪੂਰ ਗੁਰ ਦਿਖਾਉਂਦੇ ਹੋਏ ਇੱਕ ਕਲਾ-ਪ੍ਰਦਰਸ਼ਨੀ ਲਗਾਈ ਗਈ ।ਜਿਸ ਵਿੱਚ ਤਿੰਨਾਂ੍ਹ ਹੀ ਵਿਭਾਗਾਂ ਦੇ ਵਿਦਿਆਰਥੀਆਂ ਦੀਆਂ ੪੦ ਦੇ ਕਰੀਬ ਟੀਮਾਂ ਨੇ ਡਿਜ਼ਾਇਨਿੰਗ, ਪੇਟਿੰਗ ਅਤੇ ਬੁੱਤ ਕਲਾ ਦੇ ਜਲਵੇ ਵਿਖਾਉਂਦੇ ਹੋਏ ਪਿਆਰ-ਅਪਣੱਤ ਵਰਗੇ ਭਾਵੁੱਕ ਵਿਸ਼ਿਆ ਨੂੰ ਲੈ ਕੇ ਆਪੋ-ਆਪਣੀਆਂ ਰਚਨਾਵਾਂ ਤਿਆਰ ਕੀਤੀਆਂ।
ਅੰਤਰ-ਰਾਸ਼ਟਰੀ ਕਾਨਫਰੈਂਸ ਦੌਰਾਨ ਪਹੁੰਚੀ ਫੈਸ਼ਨ ਮਾਹਿਰਾ ਪ੍ਰਭਦੀਪ ਬਰਾੜ ਵੱਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਡਿਜ਼ਾਇਨਿੰਗ ਦੀ ਸਮਝ 'ਤੇ ਭਵਿੱਖ ਵਿੱਚ ਇਸ ਖੇਤਰ ਵਿੱਚ ਨੌਕਰੀ ਪਾਉਣ ਦੇ ਸਬੰਧ ਵਿੱਚ ਵਿਸ਼ੇਸ਼ਤਾ ਤੇ ਲੁਭਾਵਨੇ ਮੌਕਿਆਂ ਦੇ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ।ਇਸ ਮੌਕੇ ਨੀਦਰਲੈਂਡ ਤੋਂ ਪਹੁੰਚੀ ਦੂਸਰੀ ਮਾਹਿਰਾ ਨਤਾਸ਼ਾ ਸੂਦ ਨੇ ਯੂਰੋਪੀਅਨ ਅਤੇ ਭਾਰਤੀ ਡਿਜ਼ਾਇਨਾਂ ਦੇ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਭਾਰਤੀ ਡਿਜ਼ਾਇਨਾ ਦੇ ਨਾਲ ਖੁਦ ਨੂੰ ਇੱਕ ਚਮਕਦਾਰ ਸਿਤਾਰਾ ਬਣਾਉਣ ਦੇ ਲਈ ਰਾਹ ਵਿਖਾਇਆ।ਅੰਤਰ ਰਾਸ਼ਟਰੀ ਕੰਪਨੀ ਹਿਊਓਨ ਦੇ ਸੀਨੀਅਰ ਮੈਨੇਜਰ ਅਤੇ ਡਿਜਾਇਨਿੰਗ ਦੇ ਖੇਤਰ ਵਿੱਚ ਮਾਹਿਰ ਰਾਜੀਵ ਨਾਗਰ ਨੇ ਵਰਤਮਾਨ ਅਤੇ ਅਤੀਤ ਨੂੰ ਇਕੱਠਾ ਰੱਖਦਿਆਂ ਆ ਰਹੇ ਸਮਾਜਿਕ ਅਤੇ ਮਨੁੱਖੀ ਬਦਲਾਵਾਂ ਦੇ ਅਨੁਸਾਰ ਨਵੇਂ ਡਿਜ਼ਾਇਨ ਇਜਾਤ ਕਰਨ ਦੀ ਕਲਾ ਦੇ ਉੱਤੇ ਚਾਨਣਾ ਪਾਇਆ। ਪਹੁੰਚੇ ਮਾਹਿਰਾਂ ਵੱਲੋਂ ਵਿਦਿਆਰਥੀ ਦੀ ਇੱਕ ਵਰਕਸ਼ਾਪ ਵੀ ਲਗਾਈ ਗਈ, ਜਿਸ ਵਿੱਚ ਉਹਨਾਂ ਨੇ ਡਿਜ਼ਾਇਨਿੰਗ ਵਿਸ਼ੇ ਦੀਆਂ ਬਾਰੀਕੀਆਂ ਅਤੇ ਸੂਖਮਤਾ ਬਾਰੇ ਗੰਭੀਰਤਾ ਨਾਲ ਸਿਖਲਾਈ ਦਿੱਤੀ।
ਦੂਸਰੇ ਦਿਨ ਲੱਗੀ ਕਲਾ ਪ੍ਰਦਰਸ਼ਨੀ ਦੌਰਾਨ ਅੱਖਾਂ ਨੂੰ ਆਕਰਸ਼ਿਤ ਕਰਨ ਵਾਲੇ ਕਲਾ ਦੇ ਬਹਿਤਰੀਨ ਨਮੂਨੇ ਵੇਖਣ ਨੂੰ ਮਿਲੇ, ਜਿੰਨਾਂ੍ਹ ਵਿੱਚੋਂ ਸਭ ਤੋਂ ਖੁਬਸੂਰਤ ਪੇਟਿੰਗ ਦੇ ਲਈ ਫਾਈਨ ਆਰਟਸ ਵਿਭਾਗ ਦੀ ਰਾਗਿਨੀ ਅਜ਼ਾਦ ਅਤੇ ਬੁੱਤ ਕਲਾ ਦੇ ਸਭ ਤੋਂ ਸ਼ਾਨਦਾਰ ਨਮੂਨੇ ਦੇ ਲਈ ਇਸੇ ਹੀ ਵਿਭਾਗ ਦੇ ਵਿਦਿਆਰਥੀ ਡੈਨੀਅਲ਼ ਨੂੰ ਜੇਤੂ ਐਲਾਨਿਆ ਗਿਆ, ਜਦਕਿ ਇੰਡਸਟਰੀਅਲ ਡਿਜ਼ਾਇਨਿੰਗ ਵਿਭਾਗ ਤੋਂ ਵਿਦਿਆਰਥੀ ਵਿਕਾਸ ਤੇਹਾਮ ਸਰਵੋਤਮ ਡਿਜ਼ਾਇਨ ਦੇ ਨਾਲ ਬਾਜ਼ੀ ਮਾਰਨ ਵਿੱਚ ਕਾਮਯਾਬ ਰਿਹਾ।