ਮਾਨਸਾ, 22 ਸਤੰਬਰ 2018: ਪੰਜਾਬੀ ਮਾਂ ਬੋਲੀ ਸਤਿਕਾਰ ਕਾਰਵਾਈ ਜਥੇਬੰਦੀ ਦੇ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਅੱਜ ਮਾਨਸਾ ਪੁਲਿਸ ਵੱਲੋਂ ਝੂਠੇ ਪੁਲਿਸ ਮੁਕੱਦਮੇ ਵਿੱਚ ਫਸਾ ਕੇ ਹਿਰਾਸਤ ਵਿੱਚ ਲੈਣ ਦੀ ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆ ਕਿਹਾ ਕਿ ਗ੍ਰਿਫਤਾਰ ਇੱਕ ਸਿਆਸੀ ਸਾਜਿਸ਼ ਤਹਿਤ ਕਰਵਾਈ ਗਈ।
ਇਸ ਮਸਲੇ 'ਤੇ ਜਥੇਬੰਦੀ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਬਲਜਿੰਦਰ ਸਿੰਘ ਕੋਟਭਾਰਾ, ਨਿੱਕਾ ਸਿਧਾਣਾ, ਗੁਰਦੀਪ ਸਿੰਘ ਮੁੰਡੀ ਸਿਧਾਣਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਜਰਨਲ ਸਕੱਤਰ ਬਲਦੇਵ ਜੀਰਾ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਝੁਨੀਰ ਥਾਣਾ ਤਹਿਤ ਪੈਂਦੇ ਇੱਕ ਆਦਰਸ਼ ਸਕੂਲ ਵਿੱਚ ਸਕੂਲੀ ਬੱਚਿਆਂ 'ਤੇ ਮਾਂ ਬੋਲੀ ਪੰਜਾਬੀ ਬੋਲਣ 'ਤੇ ਪਾਬੰਦੀ ਲਾਈ ਹੋਈ ਹੈ ਤੇ ਪੰਜਾਬੀ ਬੋਲਣ 'ਤੇ ਬੱਚਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ, ਇਸ ਤੋਂ ਇਲਾਵਾ ਸਕੂਲ ਵਿੱਚ ਵੱਡੇ ਪੱਧਰ 'ਤੇ ਘਪਲੇ ਵੀ ਹੋ ਰਹੇ ਹਨ ਜਿਹਨਾਂ ਵਿਰੁੱਧ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਸਤਿਕਾਰ ਕਾਰਵਾਈ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਪਰ ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਝੁਨੀਰ ਥਾਣੇ ਦੇ ਐਸ. ਐਚ. ਓ. ਸੰਦੀਪ ਸਿੰਘ ਭਾਟੀਆ ਨੇ ਭਾਰੀ ਗਿਣਤੀ ਵਿੱਚ ਪੁਲਿਸ ਲਗਾ ਕੇ ਉਸ 'ਤੇ ਐਫ. ਆਈ. ਆਰ. ਨੰਬਰ 115 ਤਹਿਤ ਭਾਰਤੀ ਦੰਡਵਾਲੀ ਧਾਰਾ 342, 427ਠ 148, 149, 506 ਜਨਤਕ ਜਾਇਦਾਦ ਤੋੜਫੋੜ ਕਾਨੂੰਨ 2014 ਤਹਿਤ ਗ੍ਰਿਫਤਾਰ ਕਰਕੇ ਮਾਨਸਾ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੁਡੀਸੀਅਲ ਰਿਮਾਂਡ 'ਤੇ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ ਅਤੇ ਇਸ ਮੁਕੱਦਮੇ ਵਿੱਚ ਕਈ ਅਣਪਛਾਤੇ ਵਿਅਕਤੀ ਵੀ ਰੱਖੇ ਗਏ।
ਇਸ ਤੋਂ ਇਲਾਵਾ ਦਲ ਖ਼ਾਲਸਾ ਦੇ ਆਗੂ ਭਗਵਾਨ ਸਿੰਘ ਸੰਧੂ ਖੁਰਦ, ਜੀਵਨ ਸਿੰਘ ਗਿੱਲ ਕਲਾਂ, ਸੁਰਿੰਦਰ ਸਿੰਘ ਨਥਾਣਾ, ਬਾਬਾ ਪ੍ਰਦੀਪ ਸਿੰਘ ਢੈਪਈ ਨੇ ਲੱਖਾ ਸਿਧਾਣਾ ਤੇ ਹੋਰਨਾਂ 'ਤੇ ਝੂਠੇ ਮੁਕੱਦਮਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਉਹਨਾਂ ਦੱਸਿਆ ਕਿ ਸਬੰਧਤ ਸਕੂਲ ਦੀ ਪ੍ਰਿੰਸ਼ੀਪਲ ਵੱਲੋਂ ਸਕੂਲੀ ਵਿਦਿਆਰਥਣਾਂ ਵਿਰੁੱਧ ਬਹੁਤ ਹੀ ਅਪਮਾਨਜਨਕ ਸ਼ਬਦਾਵਲੀ ਵਰਤਣਾ, ਪੰਜਾਬੀ ਮਾਂ ਬੋਲੀ 'ਤੇ ਪਾਬੰਦੀ ਲਾਉਣਾ ਤੇ ਘਪਲੇ ਕਰਨੇ ਆਦਿ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।