ਪਟਿਆਲਾ, 20 ਸਤੰਬਰ 2018 - ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਦੋ ਵਿਦਿਆਰਥੀ ਧਿਰਾਂ ਵਿਚਕਾਰ ਝਗੜਾ ਵਧਣ ਮਗਰੋਂ 20 ਤੇ 21 ਸਤੰਬਰ ਦੀ ਯੂਨੀਵਰਸਿਟੀ 'ਚ ਦੋ ਦਿਨਾਂ ਛੁੱਟੀ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਯੂਨੀਵਰਸਿਟੀ 'ਚ ਡੀਐਸੳ ਧਿਰ ਦੇ ਵਿਦਿਆਰਥੀਆਂ ਵੱਲੋਂ ਗਰਲਜ਼ ਹੋਸਟਲ ’ਚ ਆਉਣ-ਜਾਣ ਲਈ ਵਿਦਿਆਰਥਣਾਂ ਨੂੰ ਸਮੇਂ ਦੀ ਪਾਬੰਦੀ ਨਾ ਹੋਣ ਬਾਬਤ ਵੀ.ਸੀ ਦਫਤਰ ਅੱਗੇ ਧਰਨਾ ਲਗਇਆ ਜਾ ਰਿਹਾ ਸੀ ।
ਇਸੇ ਵਿਚਕਾਰ ਦੂਜੀ ਵਿਦਿਆਰਥੀ ਧਿਰ 'ਸੈਪ' ਦੇ ਦੋ ਕਾਰਕੁਨਾਂ ਦੀ ਡੀਐਸੳ ਦੇ ਕਾਰਕੁਨਾਂ ਨਾਲ ਬਹਿਸ ਹੋ ਗਈ ਤੇ ਬਹਿਸ ਵਧਦੀ ਵਧਦੀ ਲੜਾਈ ਦਾ ਰੂਪ ਧਾਰ ਗਈ।
ਮਿਲੀ ਜਾਣਕਾਰੀ ਅਨੁਸਾਰ ‘ਸੈਪ’ ਧਿਰ ਦੇ ਦੋ ਨੌਜਵਾਨਾਂ ਦੀ ਕੁੱਟਮਾਰ ਮਗਰੋਂ ਅੱਧੀ ਰਾਤ ਵੇਲੇ ਸੈਪ ਗਰੁੱਪ ਦੇ ਤਿੰਨ-ਚਾਰ ਦਰਜਨ ਦੇ ਕਰੀਬ ਕਾਰਕੁਨਾਂ ਨੇ ਧਰਨੇ ਵਾਲੀ ਥਾਂ ਪੁੱਜ ਕੇ ਲੜਕੀਆਂ ਸਮੇਤ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਡੀਐਸਓ ਧਿਰ ਦਾ ਕਹਿਣਾ ਹੈ ਕਿ ਸੈਪ ਗੁੱਟ ਦੇ ਵਿਦਿਆਰਥੀ ਹਾਕੀਆਂ, ਡਾਂਗਾਂ ਤੇ ਬੇਸਬਾਲ ਦੇ ਡੰਡਿਆਂ ਨਾਲ ਲੈਸ ਸਨ। ਹਿੰਸਕ ਰੂਪ ਧਾਰਨ ਕਰ ਚੁੱਕੀ ਇਸ ਲੜਾਈ ਨੂੰ ਦੇਖਦਿਆਂ ਯੂਨੀਵਰਸਿਟੀ ਨੂੰ 2 ਦਿਨ ਲਈ ਬੰਦ ਕਰ ਦਿੱਤਾ ਗਿਆ। ਦੱਸਦੇਈਏ ਕਿ 22 ਤੇ 23 ਨੂੰ ਸ਼ਨੀਵਾਰ ਤੇ ਐਤਵਾਰ ਹੈ ਜਿਸ ਕਾਰਨ ਯੂਨੀਵਰਸਿਟੀ 4 ਦਿਨ ਲਈ ਬੰਦ ਰਹੇਗੀ।