ਬਠਿੰਡਾ, 20 ਸਤੰਬਰ 2018 : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਬਠਿੰਡਾ ਜ਼ਿਲੇ ਵਿੱਚ ਰੋਜ਼ਗਾਰ ਬਿਊਰੋ, ਨੇੜੇ ਨਹਿਰੂ ਪਾਰਕ, ਸਾਹਮਣੇ ਸਹਿਕਾਰਤਾ ਬੈਂਕ, ਸਿਵਲ ਸਟੇਸ਼ਨ ਬਠਿੰਡਾ ਵਿਖੇ ਮੁਫ਼ਤ ਕੋਚਿੰਗ ਕਲਾਸਾਂ 2 ਅਕਤੂਬਰ 2018 ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੋਚਿੰਗ ਕਲਾਸ ਵਿੱਚ ਉਨਾਂ ਪ੍ਰਾਰਥੀਆਂ ਨੂੰ ਹੀ ਸਿਖਲਾਈ ਦਿੱਤੀ ਜਾਵੇਗੀ ਜੋ ਕਿ ਨੌਕਰੀ ਲਈ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇਣਗੇ। ਇਸ ਮੁਫ਼ਤ ਕੋਚਿੰਗ ਕਲਾਸ ਵਿੱਚ ਸੀਟਾਂ ਸੀਮਤ ਹਨ।
ਇਸ ਕਲਾਸ ਵਿੱਚ ਦਾਖ਼ਲਾ ਲੈਣ ਆਏ ਪ੍ਰਾਰਥੀਆਂ ਦਾ ਐਪਟੀਟਿਊਡ ਟੈਸਟ ਲੈਣ ਉਪਰੰਤ ਸ਼ਾਰਟ-ਲਿਸਟ ਕੀਤਾ ਜਾਵੇਗਾ ਇਹ ਟੈਸਟ 30 ਸਤੰਬਰ 2018 ਨੂੰ ਜ਼ਿਲਾ ਪ੍ਰੀਸ਼ਦ, ਬਠਿੰਡਾ ਵਿਖੇ ਸਵੇਰ ਦੇ 11 ਵਜੇ ਹੋਵੇਗਾ। ਇਸ ਟੈਸਟ ਵਿੱਚ 40 ਪ੍ਰਸ਼ਨ ਹੋਣਗੇ ਅਤੇ ਸਮਾਂ 45 ਮਿੰਟ ਹੋਵੇਗਾ ਚੁਣੇ ਗਏ ਪ੍ਰਾਰਥੀਆਂ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਬੇਸਿਕ ਕੋਚਿੰਗ ਦਿੱਤੀ ਜਾਵੇਗੀ, ਜਿਸ ਵਿੱਚ ਤਰਕ (ਰੀਜ਼ਨਿੰਗ), ਜੈਨਰਲ ਨਾਲੇਜ, ਅੰਗਰੇਜ਼ੀ ਅਤੇ ਗਣਿਤ ਦੀ ਤਿਆਰੀ ਕਰਵਾਈ ਜਾਵੇਗੀ। ਸੋ ਇਸ ਕਲਾਸ ਲਈ ਚਾਹਵਾਨ ਪ੍ਰਾਰਥੀਆਂ ਨੂੰ ਆਪਣਾ ਨਾਮ ਰੋਜ਼ਗਾਰ ਬਿਊਰੋ ਵਿੱਚ ਦੇਣ ਲਈ 25 ਸਤੰਬਰ 2018 ਤੱਕ ਖੁੱਲਾ ਸੱਦਾ ਦਿੱਤਾ ਜਾਂਦਾ ਹੈ।