ਬੰਦ ਸਟਰਾਅਬੈਰੀ ਦੇ ਡੱਬੇ 'ਚੋਂ ਨਿਕਲੀ ਸੂਈ
ਸਿਡਨੀ, 20 ਸਤੰਬਰ 2018 - ਆਸਟ੍ਰੇਲੀਆ 'ਚ ਲੋਕ ਹੁਣ ਸਟਰਾਅਬੈਰੀ ਤੇ ਹੋਰ ਫਲ ਖਰੀਦਣ ਤੋਂ ਪਹਿਲਾਂ ਸੌ ਵਾਰ ਵਿਚਾਰ ਕਰਦੇ ਨੇ ਕਿਉਂਕਿ ਅੱਜ ਕੱਲ੍ਹ ਉਥੇ ਫਲਾਂ 'ਚੋਂ ਸੂਈਆਂ ਨਿਕਲ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਨੌਜਵਾਨ ਵੱਲੋਂ ਪਿਛਲੇ ਦਿਨੀਂ ਫਲ ਦੇ ਨਾਲ ਸੂਈ ਨਿਗਲ ਜਾਣ ਕਾਰਨ ਉਸਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ ਸੀ। ਜਿਸ ਕਾਰਨ ਆਸਟ੍ਰੇਲੀਆ ਦੇ ੬ ਸੂਬਿਆਂ 'ਚ ਸਟਰਾਅਬੈਰੀ ਦੀ ਵਿਕਰੀ 'ਤੇ ਫਿਲਹਾਲ ਲਈ ਰੋਕ ਲਗਾ ਦਿੱਤੀ ਗਈ ਹੈ।
ਸਟਰਾਅਬੈਰੀ 'ਚ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਇਸਦੀ ਵਿਕਰੀ 'ਤੇ ਕਾਫੀ ਅਸਰ ਪਿਆ ਹੈ ਜਿਸ 'ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਸਾਵਧਾਨੀ ਵਰਤਣ ਲਈ ਕਿਸਾਨਾਂ ਨੂੰ ਮੈਟਲ ਡਿਟੈਕਟਰ ਮਸ਼ੀਨਾਂ ਲਾਉਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਇਸ ਤਰ੍ਹਾਂ ਲੋਕਾਂ ਵਿਚ ਡਰ ਦੀ ਭਾਵਨਾ ਪੈਦਾ ਕਰਨੀ ਇੱਕ ਤਰ੍ਹਾਂ ਨਾਲ ਦਹਿਸ਼ਤ ਫੈਲਾਉਣ ਦੇ ਬਰਾਬਰ ਹੈ ਤੇ ਉਨ੍ਹਾਂ ਇਸ ਮਮਲੇ 'ਚ ਦੋਸ਼ੀਆਂ ਨੂੰ ੧੫ ਸਾਲ ਦੀ ਸਜ਼ਾ ਦੇਣ ਦੀ ਗੱਲ ਆਖੀ। ਇਸਤੋਂ ਪਹਿਲਾਂ ਆਸਟ੍ਰੇਲੀਆ ਦੇ ਸਿਹਤ ਮੰਤਰੀ ਨੇ ਇਸ ਮਾਮਲੇ 'ਤੇ ਸਖਤ ਐਕਸ਼ਨ ਲੈਂਦਿਆਂ ਜਾਂਚ ਦੇ ਆਦੇਸ਼ ਦਿੱਤੇ ਸਨ ।
ਸਟਰਾਅਬੈਰੀ 'ਚੋਂ ਸੂਈ ਨਿਕਲਣ ਦਾ ਪਹਿਲਾ ਮਾਮਲਾ ਬੀਤੇ ਹਫਤੇ ਕੁਈਨਜ਼ਲੈਂਡ ਤੋਂ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਨਿਊ ਸਾਉਥ ਵੇਲਜ਼, ਵਿਕਟੋਰੀਆ, ਕੈਨਬੇਰਾ, ਸਾਊਥ ਆਸਟ੍ਰੇਲੀਆ 'ਚੋਂ ਕਈ ਮਾਮਲੇ ਸਾਹਮਣੇ ਆਏ।
ਸਿਹਤ ਅਧਿਕਾਰੀਆਂ ਨੇ ਫਿਲਹਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਟਰਾਅਬੈਰੀ ਖਾਣ ਲੱਗਿਆਂ ਬਹੁਤ ਸਾਵਧਾਨੀ ਵਰਤਣ ਅਤੇ ਇਸਨੂੰ ਹਮੇਸ਼ਾਂ ਕੱਟ ਕੇ ਹੀ ਖਾਣ। ਇੰਨ੍ਹਾਂ ਘਟਨਾਵਾਂ ਕਾਰਨ ਸਟਰਾਅਬੈਰੀ ਦੇ ਰੇਟ ਅੱਧ ਤੋਂ ਵੀ ਹੇਠ ਡਿੱਗ ਗਏ ਹਨ।