ਸ੍ਰ.ਮਨਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 19 ਸਤੰਬਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਜ਼ਿਲ੍ਹੇ ਅੰਦਰ ਪੂਰੀ ਤਰ੍ਹਾਂ ਸ਼ਾਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ। 5 ਪੰਚਾਇਤ ਸਮਿਤੀਆਂ ਦੇ 108 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 15 ਜ਼ੋਨਾਂ ਤੇ ਪਈਆਂ ਵੋਟਾਂ ਦੌਰਾਨ ਲਗਪਗ 65.67 ਫੀਸਦੀ ਪੋਲਿੰਗ ਹੋਈ। ਵੋਟਾਂ ਦੀ ਗਿਣਤੀ 22 ਸਤੰਬਰ 2018 ਨੂੰ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਵਿਖੇ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਰਾਮਪੁਰਾ, ਖੂਈ ਖੇੜਾ, ਨਿਹਾਲ ਖੇੜਾ ਤੇ ਚੂਹੜੀ ਵਾਲਾ ਧੰਨਾ ਆਦਿ ਪਿੰਡਾਂ ਦੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੱਲ ਰਹੀ ਚੋਣ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਚੋਣ ਅਬਜ਼ਰਵਰ ਸ੍ਰੀ ਜੇ.ਕੇ. ਜੈਨ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਫਾਜ਼ਿਲਕਾ ਬਲਾਕ ਵਿੱਚ 68.19 ਫੀਸਦੀ, ਅਬੋਹਰ ਬਲਾਕ ਵਿੱਚ 60.60 ਫੀਸਦੀ, ਅਰਨੀਵਾਲਾ ਬਲਾਕ ਵਿੱਚ 70.15 ਫੀਸਦੀ, ਜਲਾਲਾਬਾਦ ਬਲਾਕ ਵਿੱਚ 68 ਫੀਸਦੀ ਤੇ ਖੂਈਆਂ ਸਰਵਰ ਬਲਾਕ ਵਿੱਚ 61.41 ਫੀਸਦੀ ਪੋਲਿੰਗ ਹੋਈ। ਜ਼ਿਲ੍ਹੇ ਦੇ ਜਲਾਲਾਬਾਦ ਬਲਾਕ ਦੇ ਪਿੰਡ ਚੱਕ ਅਰਨੀ ਵਾਲਾ (ਜੋਨ ਅਰਾਂਈਆ ਵਾਲਾ) ਦੇ ਬੂਥ ਨੰਬਰ 29 ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਇਸ ਬੂਥ ਵਿਖੇ ਦੁਬਾਰਾ ਪੋਲਿੰਗ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਸਿਫਾਰਸ਼ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 310 ਪਿੰਡ ਤੇ 435 ਪੰਚਾਇਤਾਂ ਪੈਂਦੀਆਂ ਹਨ। ਇਨ੍ਹਾਂ ਵੋਟਾਂ ਲਈ 689 ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ਵੋਟਾਂ ਦੌਰਾਨ ਚੋਣ ਲੜਣ ਵਾਲੇ ਕੁੱਲ 311 (ਪੰਚਾਇਤ ਸਮਿਤੀ ਦੇ 273 ਅਤੇ ਜ਼ਿਲ੍ਹਾ ਪਰਿਸ਼ਦ ਦੇ 38) ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆ ਵਿੱਚ ਬੰਦ ਹੋ ਗਈ ਹੈ ਜੋ ਕਿ 22 ਸਤੰਬਰ ਨੂੰ ਖੁੱਲੇਗੀ।
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਇਨ੍ਹਾਂ ਚੋਣਾਂ ਨੂੰ ਪੂਰੀ ਜ਼ਿੰਮੇਵਾਰੀ ਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਾਉਣ 'ਤੇ ਜਿਥੇ ਸਮੁੱਚੇ ਚੋਣ ਅਮਲੇ ਨੂੰ ਵਧਾਈ ਦਿੱਤੀ ਹੈ ਉਥੇ ਜ਼ਿਲ੍ਹੇ ਦੇ ਸੂਝਵਾਨ ਵੋਟਰਾਂ ਵੱਲੋਂ ਭਰਪੂਰ ਸਹਿਯੋਗ ਦੇਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।