ਸਖਤ ਸੁਰੱਖਿਆ ਪ੍ਰਬੰਧਾਂ ਹੇਠ ਚੱਲ ਰਹੇ ਚੋਣ ਅਮਲ ਦਾ ਦ੍ਰਿਸ਼ । ਤਸਵੀਰਾਂ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਮਮਦੋਟ / ਫ਼ਿਰੋਜ਼ਪੁਰ 19 ਸਤੰਬਰ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਜਿਲਾ ਪ੍ਰੀਸ਼ਦ ਜੋਨ ਜੋਧਪੁਰ ਅਤੇ ਜੋਨ ਬਜੀਦਪੁਰ ਦੇ ਪਿੰਡਾਂ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਤਦਾਨ ਜਾਰੀ ਹੈ । ਮਮਦੋਟ ਨੇੜਲੇ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਖੁਦ ਅੈਸ ਅੈਸ ਪੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਦੇਖ ਰਹੇ ਹਨ । ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਨੇ ਵੀ ਪੋਲਿੰਗ ਬੂਥਾਂ ਦਾ ਜਾਇਜਾ ਲਿਆ । ਇਸ ਜੋਨ ਤੋਂ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਇੱਥੋਂ ਜਿਲਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਨ । ਸਾਹਮਣੇ ਅਕਾਲੀ ਦਲ ਵੱਲੋਂ ਸੁਰਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ । ਇਹ ਜੋਨ ਕਾਂਗਰਸ ਉਮੀਦਵਾਰ ਵੱਜੋਂ ਕਾਗਜ਼ ਦਾਖਿਲ ਕਰਨ ਵਾਲੇ ਗੁਰਭੇਜ ਸਿੰਘ ਟਿੱਬੀ ਦੇ ਨਾਮਜਦਗੀ ਰੱਦ ਹੋਣ ਕਾਰਨ ਪੂਰੇ ਦੇਸ਼ ਵਿੱਚ ਚਰਚਾ ਹੋਈ ਹੈ । ਇਥੇ ਅੈਸ ਪੀ ਡੀ ਬਲਜੀਤ ਸਿੰਘ ਸੰਧੂ , ਜਸਬੀਰ ਸਿੰਘ ਡੀ ਅੈਸ ਪੀ , ਇੰਸਪੈਕਟਰ ਰਣਜੀਤ ਸਿੰਘ ਅੈਸ ਅੈਚ ਓ ਮਮਦੋਟ , ਰਛਪਾਲ ਸਿੰਘ ਦਾਸੂਵਾਲ ਇੰਚਾਰਜ ਸੀ ਆਈ ੲੇ ਸਟਾਫ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੇ ਅਧਿਕਾਰੀ ਤਾਇਨਾਤ ਹਨ । ਪੋਲਿੰਗ ਬਾਅਦ ਵੋਟ ਬਕਸੇ ਸਰਕਾਰੀ ਸੈਕੰਡਰੀ ਸਕੂਲ ਮਮਦੋਟ ਵਿਖੇ ਹੀ ਜਮਾ ਹੋਣਗੇ ਅਤੇ ਇੱਥੇ ਹੀ ਵੋਟਾਂ ਦੀ ਗਿਣਤੀ ਹੋਵੇਗੀ । ਬਜੀਦਪੁਰ ਜੋਨ ਤੋਂ ਵਿਧਾਇਕਾ ਸਤਿਕਾਰ ਕੌਰ ਦੇ ਪਤੀ ਜਸਮੇਲ ਸਿੰਘ ਲਾਡੀ ਚੋਣ ਲੜ ਰਹੇ ਹਨ ।