ਫਿਰੋਜ਼ਪੁਰ 19 ਸਤੰਬਰ (ਗੁਰਿੰਦਰ ਸਿੰਘ) ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਫਿਰੋਜ਼ਪੁਰ ਹਲਕਾ ਦਿਹਾਤੀ ਅਧੀਨ ਪੈਂਦੇ ਪਿੰਡ ਢੀਂਡਸਾ, ਝੋਕ ਹਰੀਹਰ, ਬਸਤੀ ਅਜੀਜ਼ ਵਾਲੀ ਤੇ ਬਸਤੀ ਖਲੀਲ ਵਾਲੀ ਵਿਖੇ ਕਾਂਗਰਸੀਆਂ ਤੇ ਅਕਾਲੀਆਂ ਵਿਚਾਲੇ ਤਿੱਖੀਆਂ ਝੜਪਾਂ। ਕਾਂਗਰਸੀਆਂ ਵੱਲੋਂ ਅਕਾਲੀਆਂ ਦੀ ਕੁੱਟਮਾਰ, ਦੋਹਾਂ ਧੜਿਆਂ ਵਿਚਾਲੇ ਇੱਟਾਂ ਰੋੜੇ ਚੱਲੇ। ਅਕਾਲੀਆਂ ਵੱਲੋਂ ਕਾਂਗਰਸੀਆਂ 'ਤੇ ਬੂਥ 'ਤੇ ਕਬਜ਼ਾ ਕਰਨ ਦੇ ਦੋਸ਼। ਬਸਤੀ ਅਜੀਜ਼ ਵਾਲੀ ਪੋਲਿੰਗ ਬੂਥ 'ਤੇ ਹਲਕਾ ਵਿਧਾਇਕਾ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਅਗਵਾਈ ਵਿੱਚ ਸੈਂਕੜੇ ਕਾਂਗਰਸੀਆਂ ਵੱਲੋਂ ਕਬਜ਼ੇ ਦੀ ਕੋਸ਼ਿਸ਼। ਜ਼ਿਕਰਯੋਗ ਹੈ ਕਿ ਢੀਂਡਸਾ ਪਿੰਡ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਦਾ ਪਿੰਡ ਹੈ, ਜਿੱਥੇ ਪੋਲਿੰਗ ਬੂਥ 'ਤੇ ਕਬਜ਼ਾ ਕਰਨ ਆਏ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਵੜਦੇ ਜਦਕਿ ਮੌਕੇ 'ਤੇ ਪਹੁੰਚੀ ਡੀ.ਐਸ.ਪੀ ਦੀ ਅਗਵਾਈ ਵਿੱਚ ਪਹੁੰਚੀ ਪੁਲਿਸ ਮੌਕੇ ਦੀ ਵੀਡੀਓ ਰਿਕਾਰਡਿੰਗ ਕਰ ਰਹੇ ਲੋਕਾਂ ਦੇ ਮੋਬਾਈਲ ਫੋਨ ਖੋਂਹਦੀ ਨਜ਼ਰ ਆਈ।ਢੀਂਡਸਾ ਪਿੰਡ ਵਿੱਚ ਹੋਈ ਝੜਪ ਦੌੌੌੌਰਾਨ ਕੁਝ ਅਕਾਲੀ ਵਰਕਰਾਂ ਦੇੇ ਜ਼ਖਮੀ ਹੋਣ ਦੀ ਵੀ ਖਬਰ ਹੈ।
ਇਸ ਦੌਰਾਨ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਪੈਂਦੇ ਪਿੰਡ ਲੇਲੀਵਾਲਾ ਦੇ ਬੂਥ ਨੰਬਰ 13 'ਤੇ ਵੀ ਕਾਂਗਰਸੀਆਂ ਵੱਲੋਂ ਜਬਰੀ ਦਾਖਲ ਹੋ ਕੇ ਪਿਸਤੌਲ ਦੀ ਨੋਕ 'ਤੇ 49 ਦੇ ਕਰੀਬ ਜਾਅਲੀ ਵੋਟਾਂ ਪਾਉਣ ਦੀਆਂ ਖਬਰਾਂ ਹਨ। ਮਿਲੀ ਸ਼ਿਕਾਇਤ ਤੇ ਕਵਰੇਜ ਕਰਨ ਗਏ ਮੀਡੀਆ ਕਰਮੀਆਂ ਨੂੰ ਵੀ ਪੋਲਿੰਗ ਬੂਥ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ।