ਲੰਬੀ, 19 ਸਤੰਬਰ 2018 - ਲੰਬੀ ਹਲਕੇ 'ਚ ਬਾਦਲ ਪਿੰਡ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਸਥਿਤ ਕਿੱਲਿਆਂਵਾਲੀ 'ਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ ਵਿਚ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਮੁੱਟਮਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਸੁਖਬੀਰ ਬਾਦਲ ਆਪਣੇ ਕਾਫਲੇ ਨਾਲ ਰਸਤੇ 'ਤੇ ਖੜ੍ਹੇ ਨਜ਼ਰ ਆ ਰਹੇ ਨੇ। ਸੁਖਬੀਰ ਬਾਦਲ ਦੀ ਮੌਜੂਦਗੀ ਵਿਚ ਕੁਝ ਲੋਕ ਇਕ ਸ਼ਖਸ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ।
ਉਥੇ ਹੀ ਜਿਸ ਵਿਅਕਤੀ ਦੀ ਕੁੱਟਮਾਰ ਹੋਈ ਹੈ, ਨਿਊਜ਼-18 'ਤੇ ਉਸਦਾ ਬਿਆਨ ਸਾਹਮਣੇ ਆਇਆ ਹੈ ਕਿ ਸੁਖਬੀਰ ਬਾਦਲ ਦਾ ਕਾਫਲਾ ਉਨ੍ਹਾਂ ਕੋਲੋਂ ਲੰਘਿਆ ਤੇ ਜਦਕਿ ਉਹ ਕਿੱਲਿਆਂਵਾਲੀ ਦੇ ਸਕੂਲ ਦੇ ਬਾਹਰ ਖੜ੍ਹੇ ਸੀ ਤੇ ਉਸਨੂੰ ਚਾਰੋਂ ਪਾਸਿਉਂ ਘੇਰਾ ਪਾ ਕੇ ਕੁੁੱਟਮਾਰ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਕਿੱਲਿਆਂਵਾਲੀ ਦੇ ਸਰਕਾਰੀ ਸਕੂਲ 'ਚ ਕੋਈ ਝਗੜਾ ਹੋਇਆ ਸੀ ਜਿਥੇ ਸੁਖਬੀਰ ਬਾਦਲ ਦੌਰਾ ਕਰਨ ਆਏ ਸਨ ਤੇ ਜਿਸਤੋਂ ਬਾਅਦ ਇਹ ਘਟਨਾ ਵਾਪਰੀ ਤੇ ਨਾਲ ਦੇ ਘਰ 'ਚ ਲੱਗੇ ਸੀਸੀਟੀਵੀ ਵਿਚ ਤਸਵਿਰਾਂ ਕੈਦ ਹੋ ਗਈਆਂ।