ਤੇਲੰਗਨਾ, 19 ਸਤੰਬਰ 2018 - ਤੇਲੰਗਨਾ 'ਚ ਆਨਰ ਕਿਲਿੰਗ ਦੇ ਮਾਮਲੇ 'ਚ ਦੋਸ਼ੀਆਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਜਾਤੀਵਾਦ ਦਾ ਹੈ ਜਿੱਥੇ ਕੁੜੀ ਦੇ ਪਿਉ ਵੱਲੋਂ ਆਪਣੇ ਤੋਂ ਨੀਵੀਂ ਜਾਤਿ ਦੇ ਦਲਿਤ ਲੜਕੇ ਨਾਲ ਵਿਆਹ ਕਰਾਏ ਜਾਣ ਤੋਂ ਬਾਅਦ ਲੜਕੇ ਨੂੰ ਮਰਵਾਉਣ ਲਈ ੧ ਕਰੋੜ ਦੀ ਸੁਪਾਰੀ ਦੇ ਦਿੱਤੀ। ਟੀ.ਮਾਰੁਥੀ ਰਾਓ, ਲੜਕੀ ਦੇ ਪਿਤਾ ਨੇ ਅਸਗਰ ਅਲੀ ਨਾਮੀ ਗੈਂਗ ਨੂੰ ੧ ਕਰੋੜ ਦੀ ਸੁਪਾਰੀ ਦੇਣ ਦਾ ਵਾਅਦਾ ਕੀਤਾ ਸੀ।
ਲੜਕੀ ਦੇ ਪਿਤਾ ਤੇ ੬ ਹੋਰਨਾਂ ਨੂੰ ਲੜਕੀ ਦੇ ਘਰਵਾਲੇ ਪੀ. ਪਰਨੈ ਕੁਮਾਰ ਦੀ ਹੱਤਿਆ ਦੇ ਜ਼ੁਰਮ 'ਚ ਪੁਲੀਸ ਵੱਲੋਂ ਬੀਤੀ ੧੪ ਸਤੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਥੇ ਲੜਕੀ ਦੇ ਪਿਤਾ ਨੇ ਆਪਣਾ ਜ਼ੁਰਮ ਕਬੂਲ ਕੀਤਾ ਤੇ ਪੁਲੀਸ ਨੂੰ ਦੱਸਿਆ ਕਿ ਉਸਦੀ ਲੜਕੀ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੇ ਘਰਵਾਲੇ ਨਾਲ ਪਾਈਆਂ ਤਸਵੀਰਾਂ ਦੇਖ ਉਹ ਰਹਿ ਨਾ ਸਕਿਆ ਤੇ ਜਿਸਨੇ ਉਸ ਲੜਕੇ ਦੀ ਜਾਣ ਲੈਣ ਲਈ ਮਜਬੂਰ ਕਰ ਦਿੱਤਾ। ੩੦ ਸਾਲਾ ਨੌਜਵਾਨ ਪਰਨੈ ਨੂੰ ਉਸਦੀ ਘਰਵਾਲੀ ਸਾਹਮਣੇ ਹੀ ਨਾਲਗੌਂਡਾ ਜ਼ਿਲ੍ਹੇ 'ਚ ਹੱਤਿਆਰਿਆਂ ਨੇ ਮਾਰ ਮੁਕਾਇਆ ਸੀ।
ਨਾਲਗੌਂਡਾ ਐਸਪੀ ਏ.ਵੀ ਰੰਗਾਨਾਥ ਦੇ ਦੱਸਣ ਮੁਤਾਬਕ ਲੜਕੀ ਦਾ ਦੋਸ਼ੀ ਪਿਤਾ ਆਪਣੀ ਧੀ ਨੂੰ ਪਰਨੈ ਕੁਮਾਰ ਨਾਲ ਦੇਖਣਾ ਨਹੀਂ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਉਸਨੂੰ ਆਪਣੀ ਧੀ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ ਤਾਂ ਉਸਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਆਪਣੀ ਲੜਕੀ ਨੂੰ ਗਰਭਪਾਤ ਕਰਾਉਣ ਦਾ ਜ਼ੋਰ ਪਾਇਆ। ਜਦੋਂ ਇੱਦਾਂ ਨਾ ਹੋਇਆ ਤਾਂ ਉਸਨੇ ਲੜਕੀ ਦੇ ਘਰਵਾਲੇ ਪਰਨੈ ਕੁਮਾਰ ਨੂੰ ਹੀ ਰਸਤੇ 'ਚੋਂ ਹਟਾਉਣ ਦੀ ਯੋਜਨਾ ਬਾਣਾਈ। ਜਿਸ ਤੋਂ ਬਾਅਦ ਉਸਨੇ ਅਸਗਰ ਅਲੀ ਗੈਂਗ ਨਾਮੀ ਅਪਰਾਧੀਆਂ ਨਾਲ ਸੰਪਰਕ ਕੀਤਾ।
ਅਸਗਰ ਅਲੀ ਦਾ ਨਾਲਗੌਂਡਾ ਵਿਚ ਪਹਿਲਾਂ ਵੀ ਅਪਰਾਧਕ ਮਾਮਲਿਆਂ 'ਚ ਨਾਂਅ ਦਰਜ ਹੈ। ਸਾਲ ੨੦੦੩ ਵਿਚ ਗੁਜਰਾਤ ਮੰਤਰੀ ਹਾਰੇਨ ਪਾਂਡੇ ਦੇ ਕਤਲ ਮਾਮਲੇ 'ਚ ਵੀ ਅਲੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਸ ਵਿਚ ਅਸਗਰ ਅਲੀ ਸਮੇਤ ੧੧ ਹੋਰ ਨੂੰ ਸਪੈਸ਼ਲ ਕੋਰਟ ਉਮਰ ਕੈਦ ਸੁਣਾ ਚੁੱਕੀ ਸੀ। ਪਰ ਗੁਜਰਾਤ ਹਾਈ ਕੋਰਟ 'ਚ ਇਸ ਗੈਂਗ ਨੂੰ ਰਾਹਤ ਦੇ ਦਿੱਤੀ ਗਈ ਸੀ। ਪੁਲਿਸ ਮੁਤਾਬਕ ਅਸਗਰ ਅਲੀ ਦੇ ਬਚਪਨ ਦੇ ਦੋਸਤ ਮੁਹੰਮਦ ਬਾਰੀ ਨਾਲ ਇਸ ਕਤਲ ਦੀ ਸਾਜਿਸ਼ ਘੜੀ ਗਈ ਤੇ ਅਡਵਾਂਸ ਦੇ ਤੌ੍ਰ 'ਤੇ ਅਗਸਤ ਦੇ ਪਹਿਲੇ ਹਫਤੇ ਲੜਕੀ ਦੇ ਪਿਤਾ ਨੇ ਮੁਹੰਮਦ ਬਾਰੀ ਨੂੰ ੧੬ ਲੱਖ ਰੁਪਏ ਵੀ ਦਿੱਤੇ ਸਨ।