ਨਵਜੋਤ ਸਿੱਧੂ ਦੀ ਸੁਸ਼ਮਾ ਸਵਰਾਜ ਨਾਲ 17 ਸਤੰਬਰ ਨੂੰ ਹੋਈ ਬੈਠਕ 'ਚ ਸਿੱਧੂ, ਸੁਸ਼ਮਾ ਤੇ ਐਮ.ਐੱਸ ਗਿੱਲ
ਚੰਡੀਗੜ੍ਹ, 19 ਸਤੰਬਰ 2018 - ਬੀਤੇ ਦਿਨੀਂ ਪੰਜਾਬ ਕਾਂਗਰਸ ਕੈਬਿਨਟ ਮੰਤਰੀ ਨਵਜੋਤ ਸਿੱਧੂ ਅਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਕਰਤਾਰਪੁਰ ਲਾਂਘੇ ਮੁੱਤਲਕ ਹੋਈ ਬੈਠਕ 'ਤੇ ਵੀ ਕਾਫੀ ਸਿਆਸਤ ਹੁੰਦੀ ਨਜ਼ਰ ਆਈ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਖਾਸ ਤੌਰ 'ਤੇ ਪ੍ਰੈੱਸ ਕਾਨਫਰੰਸ ਕਰਕੇ ਸਿੱਧੂ ਤੇ ਸੁਸ਼ਮਾ ਸਵਰਾਜ ਵਿਚਕਾਰ ਗੱਲਬਾਤ ਨੂੰ ਮੀਡੀਆ ਸਾਹਮਣੇ ਰੱਖਿਆ । ਬੀਬੀ ਬਾਦਲ ਦਾ ਕਹਿਣਾ ਹੈ ਕਿ ਸਿੱਧੂ ਨੂੰ ਸੁਸ਼ਮਾ ਸਵਰਾਜ ਨੇ ਚੰਗੀ ਝਾੜ ਪਾਈ ਤੇ ਉਸ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਿੱਧੂ ਐਵੇਂ ਹੀ ਖਾਹਮਖਾਹ ਸੁਸ਼ਮਾ ਸਵਰਾਜ ਨੂੰ ਮਿਲਣ ਜਾ ਪਹੁੰਚੇ ਸਨ ਜਦਕਿ ਸੁਸ਼ਮਾ ਸਵਰਾਜ ਨੂੰ ਐਮ.ਐੱਸ ਗਿੱਲ ਮਿਲਣ ਗਏ ਸਨ।
ਪਰ ਸਾਡੇ ਹੱਥ ਬੀਤੇ ਦਿਨੀਂ ਸੁਸ਼ਮਾ ਸਵਰਾਜ ਨਾਲ ਸਿੱਧੂ ਦੀ ਹੋਈ ਬੈਠਕ ਦੀ ਤਸਵੀਰ ਲੱਗੀ ਹੈ, ਜਿਸਨੂੰ ਵੇਖ ਕੇ ਨਹੀਂ ਲੱਗਦਾ ਕਿ ਸਿੱਧੂ ਨੂੰ ਸੁਸ਼ਮਾ ਸਵਰਾਜ ਨੇ ਕਿਸੇ ਕਿਸਮ ਦੀ ਝਾੜ ਪਾਈ ਹੈ ਤੇ ਬੀਬੀ ਬਾਦਲ ਦੇ ਕਹਿਣ ਮੁਤਾਬਕ ਸਿੱਧੂ ਨੂੰ ਮਿਲਣ ਤੋਂ ਇਨਕਾਰ ਕੀਤਾ ਹੋਵੇ। ਹਾਲਾਂਕਿ ਇਸ ਪੂਰੇ ਮੁੱਦੇ ਨੂੰ ਬੀਬੀ ਬਾਦਲ ਨੇ ਚੰਗਾ ਤੂਲ ਦਿੱਤਾ ਸੀ ਤੇ ਕਿਹਾ ਸੀ ਕਿ ਸੁਸ਼ਮਾ ਨੇ ਚਿੱਠੀ ਵਿਚ ਲਿਖਿਆ ਕਿ ਪਾਕਿਸਤਾਨ ਉਨ੍ਹਾਂ ਨਾਲ ਲਾਂਘੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਸੀ ਕਿ ਸੁਸ਼ਮਾ ਨੇ ਜ਼ੁਬਾਨੀ ਦੱਸਿਆ ਸੀ ਕਿ ਸਿੱਧੂ ਨੂੰ ਉਨ੍ਹਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਚਿੱਠੀ ਵਿਚ ਪਹਿਲਾਂ ਹੀ ਸਿੱਧੂ ਦਾ ਕੋਈ ਜ਼ਿਕਰ ਨਹੀਂ ਸੀ ਤੇ ਇਸ ਤਸਵੀਰ ਨੂੰ ਦੇਖ ਕੇ ਵੀ ਕੋਈ ਅਜਿਹਾ ਸੰਕੇਤ ਨਹੀਂ ਮਿਲ ਰਿਹਾ ਕਿ ਜਿਸ ਨਾਲ ਸਾਬਿਤ ਹੋ ਸਕੇ ਕਿ ਬੀਬੀ ਬਾਦਲ ਦੇ ਕਹੇ ਮੁਤਾਬਕ ਸਿੱਧੂ ਨੂੰ ਸੁਸ਼ਮਾ ਸਵਰਾਜ ਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ ਸੀ। ਤਸਵੀਰ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਹੁਤ ਹੀ ਸੀਰੀਅਸ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਹੋ ਰਹੀ ਹੈ।
ਜੋ ਵੀ ਸੱਚ ਹੈ, ਉਹ ਜਾਂ ਤਾਂ ਸਿੱਧੂ ਖੁਦ ਜਾਣਦੇ ਨੇ ਜਾਂ ਫਿਰ ਸੁਸ਼ਮਾ ਸਵਰਾਜ ਤੇ ਉਨ੍ਹਾਂ ਨਾਲ ਮੌਜੂਦ ਐਮ.ਐੱਸ ਗਿੱਲ। ਪਰ ਜੋ ਜਾਣਕਾਰੀ ਬੀਬੀ ਹਰਸਿਮਰਤ ਬਾਦਲ ਨੇ ਦਿੱਤੀ ਸੀ, ਉਹ ਜਾਣਕਾਰੀ ਇਸ ਤਸਵੀਰ ਨਾਲ ਕਿਤੇ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ। ਦੱਸ ਦੇਈਏ ਕਿ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਕਿ ਉਹ ਅਜਿਹੀ ਬਿਆਨਬਾਜ਼ੀ 'ਚ ਉਲਝਣਾ ਨਹੀਂ ਚਾਹੁੰਦੇ। ਉਨ੍ਹਾਂ ਬਾਦਲ ਪਰਿਵਾਰ ਨੂੰ ਕਿਹਾ ਕਿ ਉਹ ਇਸ ਮੁੱਦੇ ਨੂੰ ਚੁੱਕਣ ਲਈ ਖੁਦ ਅੱਗੇ ਆ ਜਾਣ, ਤਾਂ ਸਿੱਧੂ ਉਨ੍ਹਾਂ ਦੇ ਪਿੱਛੇ ਤੁਰਨ ਨੂੰ ਤਿਆਰ ਹੈ।