ਫ਼ਰੀਦਕੋਟ, 18 ਸਤੰਬਰ 2018 - ਪੰਜ ਰੋਜ਼ਾ ਵਿਰਾਸਤ ਮੇਲੇ 'ਚ ਪ੍ਰਸ਼ਾਸ਼ਨ ਵੱਲੋਂ ਦਿਖਾਈ ਲਾਪਰਵਾਹੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਵਿਰਾਸਤ ਮੇਲੇ ਦੇ ਸਮੁੱਚੇ ਪ੍ਰੋਗਰਾਮਾਂ ਨੂੰ ਪੱਤਰਕਾਰਾਂ ਤੋਂ ਗੁਪਤ ਰੱਖਣ ਦੇ ਰੋਸ ਵਜੋਂ ਪ੍ਰੈੱਸ ਕਲੱਬ ਫਰੀਦਕੋਟ ਨੇ ਅੱਜ ਡਿਪਟੀ ਕਮਿਸ਼ਨਰ ਅਤੇ ਜਿਲਾ ਪ੍ਰਸ਼ਾਸ਼ਨ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ।
ਕਲੱਬ ਦੇ ਆਗੂ ਜਸਵੰਤ ਸਿੰਘ ਪੁਰਬਾ, ਬਲਵਿੰਦਰ ਹਾਲੀ, ਅਮਨਦੀਪ ਲੱਕੀ, ਗਗਨਦੀਪ ਜੱਸੋਵਾਲ, ਦੇਵਾਨੰਦ ਸ਼ਰਮਾ, ਜਗਤਾਰ ਦੁਸਾਂਝ, ਚਰਨਜੀਤ ਸਿੰਘ ਗੋਂਦਾਰਾ ਅਤੇ ਅਮਿਤ ਕੁਮਾਰ ਸ਼ਰਮਾ ਨੇ ਕਿਹਾ ਕਿ 19 ਸਤੰਬਰ ਤੋਂ ਵਿਰਾਸਤ ਮੇਲਾ ਸ਼ੁਰੂ ਹੋ ਰਿਹਾ ਹੈ ਪਰੰਤੂ 18 ਸਤੰਬਰ ਸ਼ਾਮ ਤੱਕ ਮੀਡੀਆ ਨੂੰ ਪੰਜ ਰੋਜ਼ਾ ਮੇਲੇ ਦੇ ਕਿਸੇ ਵੀ ਸਮਾਗਮ ਬਾਰੇ ਸੂਚਿਤ ਨਹੀਂ ਕੀਤਾ ਗਿਆ। ਰਵਾਇਤ ਮੁਤਾਬਿਕ ਹਰ ਸਾਲ ਪ੍ਰਸ਼ਾਸ਼ਨ ਸਮੁੱਚੇ ਮੇਲੇ ਦੇ ਪ੍ਰੋਗਰਾਮਾਂ ਅਤੇ ਰੂਪ ਰੇਖਾ ਬਾਰੇ ਇੱਕ ਹਫ਼ਤਾ ਪਹਿਲਾਂ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੰਦਾ ਸੀ ਤਾਂ ਜੋ ਵਿਰਾਸਤ ਮੇਲੇ ਦੌਰਾਨ ਹੋਣ ਵਾਲੇ ਸਮਾਗਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਮਿਲ ਸਕੇ।
ਪਰੰਤੂ ਇਸ ਵਾਰ ਡਿਪਟੀ ਕਮਿਸ਼ਨਰ ਨੇ ਮੇਲੇ ਦੀ ਰੂਪ ਰੇਖਾ ਐਲਾਨਣ ਵੇਲੇ ਸ਼ਹਿਰ ਦੀਆਂ ਬਹੁਤੀਆਂ ਧਿਰਾਂ ਦੀ ਅਣਦੇਖੀ ਕੀਤੀ ਅਤੇ ਅਹਿਮ ਸਮਾਗਮਾਂ ਦੀ ਸਮਾਂ ਸਾਰਣੀ ਆਪਣੀ ਮਰਜੀ ਨਾਲ ਹੀ ਬਦਲ ਦਿੱਤੀ। ਸਤੀਸ਼ ਕੁਮਾਰ ਬਾਂਬਾਂ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਰੋਮਾਣਾ ਅਤੇ ਪ੍ਰੇਮ ਕੁਮਾਰ ਪਾਸੀ ਨੇ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵਿਰਾਸਤ ਮੇਲੇ ਦੀ ਰਵਾਇਤ 'ਤੇ ਇਤਿਹਾਸ ਨੂੰ ਠੇਸ ਪਹੁੰਚਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਹੱਤਵਪੂਰਨ ਵਿਰਾਸਤ ਮੇਲੇ ਦੇ ਕਿਸੇ ਵੀ ਪ੍ਰੋਗਰਾਮ ਬਾਰੇ ਪੱਤਰਕਾਰਾਂ ਨੂੰ ਅਜੇ ਤੱਕ ਸੂਚਿਤ ਨਹੀਂ ਕੀਤਾ ਗਿਆ।
ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਵਿਰਾਸਤ ਮੇਲੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਦੀ ਪੂਰੀ ਕਵਰੇਜ ਕੀਤੀ ਜਾਵੇਗੀ ਪਰੰਤੂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਦੇ ਕਿਸੇ ਵੀ ਸਮਾਗਮਾਂ ਦਾ ਬਾਈਕਾਟ ਰੱਖਿਆ ਜਾਵੇਗਾ।