ਐਸ.ਏ.ਐਸ. ਨਗਰ, 17 ਸਤੰਬਰ - ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਸੀ.ਏ.ਪੀ. ਐਫਜ਼, ਐਨ.ਆਈ.ਏ, ਐਸ.ਐਸ.ਐਫ. ਵਿੱਚ 55000 ਕਾਂਸਟੇਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਬਿਨੈ ਕਰਨ ਦੀ ਤਾਰੀਖ ਵਿੱਚ ਵਾਧਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਹੁਣ ਚਾਹਵਾਨ ਨੌਜਵਾਨ 30 ਸਤੰਬਰ ਤੱਕ ਸ਼ਾਮ 05-00 ਵਜੇ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਇਹ ਐਪਲੀਕੇਸ਼ਨ ਆਪਣੀ ਨਵੀਂ ਵੈੱਬਸਾਈਟ 'ਤੇ ਅਪਲੋਡ ਕੀਤੀ ਸੀ ਜਿਸ ਕਰਕੇ ਬਿਨੈਕਾਰਾਂ ਨੂੰ ਸ਼ੁਰੂਆਤੀ ਕੁਝ ਦਿਨਾਂ ਵਿੱਚ ਕੁਝ ਸਮੱਸਿਆਵਾਂ ਪੇਸ਼ ਆਈਆਂ ਅਤੇ ਇਨ੍ਹਾਂ ਦਿੱਕਤਾਂ ਬਾਰੇ ਬਿਨੈਕਾਰਾਂ ਨੇ ਕਮਿਸ਼ਨ ਨੂੰ ਰਿਪੋਰਟ ਕੀਤੀ ਸੀ। ਇਸ ਲਈ ਸਮਰੱਥ ਅਧਿਕਾਰੀਆਂ ਵੱਲੋਂ ਸਬੰਧਤ ਇਮਤਿਹਾਨ ਲਈ ਆਨਲਾਈਨ ਫਾਰਮ ਭਰਨ ਦੀ ਤਾਰੀਖ 17 ਸਤੰਬਰ 2018 ਤੋਂ ਵਧਾ ਕੇ 30 ਸਤੰਬਰ 2018 ਕਰ ਦਿੱਤੀ ਹੈ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਉਕਤ ਪ੍ਰੀਖਿਆ ਵਿਚ ਭਾਗ ਲੈਣ ਦੇ ਚਾਹਵਾਨ ਬਿਨੈਕਾਰਾਂ ਨੂੰ ਸਟਾਫ ਸਿਲੈਕਸ਼ਨ ਕਮਿਸ਼ਨਰ ਦੀ ਵੈੱਬਸਾਈਟ ਤੇ ਸਿੱਧੇ ਤੌਰ ਤੇ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਸਪੋਰਟਸ ਸਟੇਡੀਅਮ ਸੈਕਟਰ-78 ਵਿਖੇ ਪੰਜਾਬ ਸਰਕਾਰ ਵਲੋਂ ਕੀਤੀ ਜਾਣ ਵਾਲੀ ਮੁਫਤ ਸਿਖਲਾਈ ਲਈ ਆਪਣਾ ਨਾਮ ਦਰਜ ਕਰਵਾ ਸਕਦੇ ਹਨ।