ਚੰਡੀਗੜ੍ਹ, 13 ਸਤੰਬਰ 2018: ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਨਾਲ ਉਤਸ਼ਾਹਤ ਕਰਨ ਅਤੇ ਨਸ਼ਾ ਵਿਰੋਧੀ ਕਾਰਵਾਈਆਂ ਨੂੰ ਵਧੇਰੇ ਸਖ਼ਤੀ ਨਾਲ ਲਾਗੂ ਕਰਨ ਤੋਂ ਇਲਾਵਾ ਇਸਦੀ ਨਫਰੀ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਐਸ.ਟੀ.ਐਫ. ਰਾਜ ਵਿੱਚ ਇੰਟੈਲੀਜੈਂਸ ਵਿੰਗ ਦੀ ਤਰਜ਼ 'ਤੇ ਪੁਲਿਸ ਵਿਭਾਗ ਦੇ ਸੁਤੰਤਰ ਵਿੰਗ ਵਜੋਂ ਕੰਮ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਦੇ ਨਿਰਦੇਸ਼ਾਂ 'ਤੇ ਰਾਜ ਦੇ ਗ੍ਰਹਿ ਵਿਭਾਗ ਨੇ ਐਸ.ਟੀ.ਐਫ. ਨੂੰ ਸੁਤੰਤਰ ਫੋਰਸ ਬਣਾਉਣ ਅਤੇ ਪੰਜਾਬ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਐਸ.ਟੀ.ਐਫ. ਵਿੱਚ ਮਿਲਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤਾਂ ਜੋ ਸੂਬੇ ਵਿਚੋਂ ਨਸ਼ਾਖੋਰੀ ਅਤੇ ਨਸ਼ਿਆਂ ਦੀ ਗੈਰ-ਕਾਨੂੰਨੀ ਤਸਕਰੀ ਨੂੰ ਖਤਮ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਮੁਹੰਮਦ ਮੁਸ਼ਤਫਾ ਨੂੰ ਏ.ਡੀ.ਜੀ.ਪੀ ਹਰਪ੍ਰੀਤ ਸਿੱਧੂ ਦੀ ਥਾਂ 'ਤੇ ਪਹਿਲਾਂ ਹੀ ਡੀ.ਜੀ.ਪੀ ਐਸ.ਟੀ.ਐਫ. ਵਜੋਂ ਤੈਨਾਤ ਕਰ ਦਿੱਤਾ ਹੈ ਅਤੇ ਏ.ਡੀ.ਜੀ.ਪੀ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਦੇ ਵਿਸ਼ੇਸ ਪ੍ਰਿੰਸੀਪਲ ਸਕੱਤਰ ਵਜੋਂ ਤੈਨਾਤ ਕੀਤਾ ਹੈ।