ਚਾਰ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਇੱਕ ਹੋਰ ਦੀ ਤਲਾਸ਼ ਜਾਰੀ ਹੈ
ਬਠਿੰਡਾ, 13 ਸਤੰਬਰ ( ਅਮ੍ਰਿਤਪਾਲ ਬਰਾੜ)
ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਸਿਆਸੀ ਨਹੀ ਬਲਕਿ ਉਸ ਦੀ ਪਤਨੀ ਵੱਲੋਂ ਰਚਾਈ ਇਸ਼ਕ ਲੀਲਾ ਦਾ ਨਤੀਜਾ ਹੈ।ਇਹ ਜਾਣਕਾਰੀ ਦਿੰਦਿਆਂ ਬਠਿੰਡਾ ਰੇਂਜ਼ ਦੇ ਆਈ.ਜੀ.ਐਮ ਫਾਰੂਕੀ ਨੇ ਦੱਸਿਆ ਕਿ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਚਾਰ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜਦਕਿ ਇੱਕ ਹੋਰ ਦੀ ਤਲਾਸ਼ ਜਾਰੀ ਹੈ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ 9 ਅਤੇ 10 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਗਿੱਲ ਕਲਾਂ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਹਰਵਿੰਦਰ ਸਿੰਘ ਹਿੰਦਾਂ ਦਾ ਉਸ ਦੇ ਘਰ ਵਿਖੇ ਹੀ ਬੜੇ ਭੇਤਭਰੇ ਹਲਾਤ ਵਿੱਚ ਕਤਲ ਹੋ ਗਿਆ ਸੀ।ਉਸ ਦੀ ਪਤਨੀ ਵੱਲੋਂ ਦਿੱਤੇ ਬਿਆਨ ਦੇ ਆਧਾਰ ਤੇ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ।ਕਿਰਨਪਾਲ ਕੋਰ ਅਨੁਸਾਰ ਉਨ੍ਹਾਂ ਦੇ ਘਰ ਰਾਤ ਦੇ ਕਰੀਬ ਸਾਢੇ 10 ਵਜੇ 3 ਵਿਅਕਤੀ ਆਏ ਜਿੰਨ੍ਹਾਂ ਨੂੰ ਉਸ ਦਾ ਪਤੀ ਇਹ ਕਹਿ ਕੇ ਬਾਹਰ ਲੈ ਗਿਆ ਉਹ ਪੈਗ ਲਾਉਣ ਚੱਲੇ ਹਨ।ਕੁੱਝ ਚਿਰ ਬਾਅਦ ਜਦ ਉਹ ਸਾਰੇ ਵਾਪਿਸ ਆ ਗਏ ਤਾਂ ਹਿੰਦਾਂ ਨੇ ਆਪਣੀ ਪਤਨੀ ਨੂੰ ਛੱਤ ਉਪਰ ਜਾ ਕੇ ਸੋਣ ਲਈ ਕਹਿ ਦਿੱਤਾ ਕਿ ਮਹਿਮਾਨ ਉਨ੍ਹਾਂ ਵਾਲੇ ਕਮਰੇ ਵਿੱਚ ਹੀ ਸੋਣਗੇ।
ਕਿਰਨਪਾਲ ਅਨੁਸਾਰ ਸਵੇਰੇ 6 ਵਜੇ ਜਦ ਉਹ ਉੱਪਰੋ ਉਤਰ ਕੇ ਆਪਣੇ ਕਮਰੇ ਵਿੱਚ ਆਈ ਤਾਂ ਹਿੰਦਾਂ ਦੀ ਲਾਸ਼ ਖੁਨ ਨਾਲ ਲੱਥਪਥ ਬੈਡ ਉੱਪਰ ਪਈ ਸੀ।ਇਸ ਮਾਮਲੇ ਨੂੰ ਲੈ ਕੇ ਸਿਆਸੀ ਰੋਟੀਆ ਸੇਕਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਸੀ।ਜੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਸਿਆਸੀ ਕਤਲ ਕਰਾਰ ਦੇ ਦਿੱਤਾ ਤਾਂ 'ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ 'ਤਰਜ ਤੇ ਚੱਲਦਿਆਂ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਦੋਸ਼ ਲਗਾ ਦਿੱਤਾ ਕਿ ਪਹਿਲਾ ਜੋ ਹਿੰਸਾਂ ਦਾ ਤਾਡਵ ਬਾਦਲ ਹਕੂਮਤ ਵਿੱਚ ਹੋ ਰਿਹਾ ਸੀ,ਉਹ ਹੁਣ ਵੀ ਜਾਰੀ ਹੈ।ਇਸ ਮਾਮਲੇ ਨੇ ਰਾਜ ਦੀ ਪੁਲਿਸ ਦੀ ਕਾਰਗੁਜਾਰੀ ਤੇ ਵੀ ਸ਼ੱਕ ਦੀ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ।
ਸ਼੍ਰੀ ਫਾਰੂਕੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਆਪਣੇ ਹੱਥ ਲੈਂਦਿਆ ਜਿਲ੍ਹਾ ਪੁਲਿਸ ਮੁਖੀ ਡਾਕਟਰ ਨਾਨਕ ਸਿੰਘ ਨੇ ਐਸ.ਪੀ.ਇੰਨਵੈਸਟੀਗੇਸ਼ਨ ਸਵਰਨ ਸਿੰਘ ਖੰਨਾ, ਡੀਐਸਪੀ ਫੂਲ ਗੁਰਪ੍ਰੀਤ ਸਿੰਘ, ਸੀਆਈਏ ਸਟਾਫ 2 ਦੇ ਇੰਚਾਰਜ ਤਰਜਿੰਦਰ ਸਿੰਘ ਅਤੇ ਸਪੈਸ਼ਲ ਸਟਾਫ ਦੇ ਇੰਚਾਰਜ ਸੁਰਜੀਤ ਸਿੰਘ ਦੀ ਅਗੁਵਾਈ ਹੇਠ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ।
ਜਾਂਚ ਦੋਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕਿਰਨਪਾਲ ਕੋਰ ਦੇ ਜਿਲ੍ਹਾ ਮਾਨਸਾ ਦੇ ਪਿੰਡ ਬਹਿਣੀਵਾਲ ਦੇ ਸੰਦੀਪ ਕੁਮਾਰ ਉਰਫ ਬੰਟੀ ਕੁਮਾਰ ਨਾਲ ਪਿਛਲੇ ਲੰਬੇ ਸਮੇਂ ਤੋਂ ਨਜਾਇਜ ਸਬੰਧ ਸਨ।ਜਿੰਨ੍ਹਾਂ ਨੂੰ ਉਹ ਸ਼ਾਦੀ ਵਿੱਚ ਤਬਦੀਲ ਕਰਨਾ ਚਾਹੁੰਦੀ ਸੀ।ਪਰ ਉਸ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਹਿੰਦਾਂ ਸੀ।ਇਨ੍ਹਾਂ ਨਜਾਇਜ ਸਬੰਧਾਂ ਨੂੰ ਲੈ ਕੇ ਮੀਆਂ ਬੀਬੀ ਦਰਮਿਆਨ ਅਕਸਰ ਹੀ ਝਗੜਾ ਹੁੰਦਾਂ ਰਹਿੰਦਾਂ ਸੀ।
ਕਿਰਨਪਾਲ ਕੋਰ ਅਤੇ ਉਸ ਦੇ ਪ੍ਰੇਮੀ ਸੰਦੀਪ ਕੁਮਾਰ ਨੇ ਪਿੰਡ ਮਾੜੀ ਦੇ ਮੱਖਣ ਰਾਮ ਉਰਫ ਮੱਖਣ ਬਾਬਾ ਜੋ ਪੁੱਛਾਂ ਦੇਣ ਦਾ ਕੰਮ ਕਰਦਾ ਹੈ, ਨਾਲ ਮਿਲਕੇ ਚਮਕੋਰ ਸਿੰਘ ਅਤੇ ਜੈਮਲ ਸਿੰਘ ਨਾਮਕ ਦੋ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ ਦੀ ਸੁਪਾਰੀ ਦੇਣ ਦਾ ਲਾਲਚ ਦਿੰਦਿਆਂ ਹਿੰਦਾਂ ਨੂੰ ਰਾਸਤੇ ਚੋ ਹਟਾਉਣ ਦੀ ਸਾਜਿਸ਼ ਤਿਆਰ ਕੀਤੀ।ਮਿੱਥੇ ਹੋਏ ਦਿਨ ਪਹਿਲਾ ਕਿਰਨਪਾਲ ਕੋਰ ਨੇ ਆਪਣੇ ਪਤੀ ਨੂੰ ਆਂਡਿਆਂ ਦੀ ਪੁਰਜੀ ਵਿੱਚ ਕੋਈ ਨਸ਼ੀਲੀ ਦਵਾਈ ਮਿਲਾ ਕੇ ਖੁਆਈ ਜਦ ਉਹ ਗੂੜੀ ਨੀਂਦ ਸੋ ਗਿਆ ਤਾਂ ਮੱਖਣ ਬਾਬਾ, ਚਮਕੋਰ ਸਿੰਘ, ਜੈਮਲ ਸਿੰਘ ਨੂੰ ਲੈ ਕੇ ਉਨ੍ਹਾਂ ਦੇ ਘਰ ਪੁੱਜ ਗਿਆ।ਸ਼ੁਰੂ ਵਿੱਚ ਉਨ੍ਹਾਂ ਨੇ ਸਿਰਾਣੇ ਨਾਲ ਸਾਹ ਘੁੱਟਣ ਦੇ ਜਰੀਏ ਹਿੰਦਾਂ ਨੂੰ ਅਧਮਰਿਆ ਕਰ ਦਿੱਤਾ ਅਤੇ ਬਾਅਦ ਵਿੱਚ ਖੁੰਢੇ ਹਥਿਆਰ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ।
ਪੁਲਿਸ ਨੇ ਇਨ੍ਹਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਕਿਰਨਪਾਲ ਕੋਰ ਦੇ ਪ੍ਰੇਮੀ ਸੰਦੀਪ ਕੁਮਾਰ ਦੀ ਤਲਾਸ਼ ਜਾਰੀ ਹੈ।ਸ਼੍ਰੀ ਫਰੂਕੀ ਅਨੁਸਾਰ ਕਿਰਨਪਾਲ ਦੇ ਮੱਖਣ ਬਾਬੇ ਨਾਲ ਵੀ ਜਿਸਮਾਨੀ ਸਬੰਧੀ ਬਣ ਗਏ ਸਨ।