ਚੰਡੀਗੜ੍ਹ, 20 ਅਗਸਤ 2018 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਉਹਨਾਂ ਦੀ ਸ਼ਹੀਦੀ ਵਰ੍ਹੇ ਗੰਢ ਉੁੱਤੇ ਸ਼ਰਧਾਂਜ਼ਲੀ ਦੇਣ ਲਈ ਕੀਤੀ ਗਈ ਇੱਕ ਵੱਡੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਸੰਤ ਲੌਂਗੋਵਾਲ ਦੇ ਨਕਸ਼ੇ-ਕਦਮਾਂ ਉੱਤੇ ਚੱਲਦੀ ਹੋਈ ਸਿੱਖ ਭਾਈਚਾਰੇ ਦੇ ਮੁੱਦਿਆਂ ਨੂੰ ਚੁੱਕ ਰਹੀ ਹੈ ਅਤੇ ਉਹਨਾਂ ਨੂੰ ਹੱਲ ਕਰਵਾਉਣ ਵਾਸਤੇ ਕੰਮ ਕਰ ਰਹੀ ਹੈ।ਇਹ ਮੁੱਦੇ ਚਾਹੇ ਪੰਜਾਬ ਵਿਚ ਹੋਣ ਜਾਂ ਜੰਮੂ ਕਸ਼ਮੀਰ ਜਾਂ ਸ਼ਿਲਾਂਗ ਵਿਚ ਹੋਣ।ਉਹਨਾਂ ਨੇ ਇਸ ਮੌਕੇ ਉੱਤੇ ਸੰਤ ਲੌਂਗੋਵਾਲ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਕਿਹਾ ਕਿ ਗਾਂਧੀ ਪਰਿਵਾਰ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ ਅਤੇ ਉਹਨਾਂ ਨਾਲ ਕੀਤੇ ਸਮਝੌਤੇ ਹੀ ਕਰਕੇ ਸੰਤ ਜੀ ਦੀ ਸ਼ਹਾਦਤ ਹੋਈ। ਉਹਨਾਂ ਕਿਹਾ ਕਿ ਹੁਣ ਸਾਨੂੰ ਸੰਤ ਜੀ ਦੇ ਮੁਲਕ ਨੂੰ ਕਾਂਗਰਸ ਮੁਕਤ ਬਣਾਉਣ ਦੇ ਸੁਫਨੇ ਨੂੰ ਸੱਚਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
ਸ.ਬਾਦਲ ਨੇ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਇਹ ਕਹਿੰਦਿਆਂ ਸ਼ਰਧਾਂਜ਼ਲੀ ਭੇਂਟ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਜਿੱਤਿਆ ਸੀ।ਇਹ ਟਿੱਪਣੀ ਕਰਦਿਆਂ ਕਿ ਸ੍ਰੀ ਵਾਜਪਾਈ ਨੇ ਕਿਸੇ ਨਾਲ ਵੀ ਜਾਤ, ਧਰਮ ਜਾਂ ਸੂਬੇ ਦੇ ਆਧਾਰ ‘ਤੇ ਕਦੇ ਵਿਤਕਰਾ ਨਹੀਂ ਸੀ ਕੀਤਾ,ਉਹਨਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪੰਜਾਬ ਅਤੇ ਪੰਜਾਬੀਆਂ ਦੇ ਇੱਕ ਸੱਚੇ ਮਿੱਤਰ ਸਨ।ਇਸ ਮੌਕੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ।ਉਹਨਾਂ ਕਿਹਾ ਕਿ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਝੂਠੀ ਸਹੁੰ ਖਾਣ ਵਾਲੇ ਮੁੱਖ ਮੰਤਰੀ ਕੋਲੋਂ ਪੰਜਾਬੀ ਕਿਸ ਕਾਰਗੁਜ਼ਾਰੀ ਦੀ ਉਮੀਦ ਕਰ ਸਕਦੇ ਹਨ।ਉਹਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਸੱਤਾ ਹਾਸਿਲ ਕਰਨ ਲਈ ਇੰਨਾ ਤਰਸਿਆ ਪਿਆ ਸੀ ਕਿ ਉਹ 90 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫੀ ਤੋਂ ਲੈ ਕੇ ਘਰ ਘਰ ਨੌਕਰੀ ਅਤੇ ਨੌਜਵਾਨਾਂ ਨੂੰ 2500 ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਸਾਰੇ ਵਾਅਦੇ ਕਰ ਗਿਆ, ਪਰੰਤੂ ਮੁੱਖ ਮੰਤਰੀ ਬਣਦੇ ਹੀ ਉਹ ਇਹਨਾਂ ਸਾਰੇ ਵਾਅਦਿਆਂ ਤੋਂ ਮੁਕਰ ਗਿਆ।ਉਹਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ੁਕਰਾਨਾ ਅਦਾ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਮਹੀਨਿਆਂ ਤੱਕ ਸ੍ਰੀ ਦਰਬਾਰ ਸਾਹਿਬ ਜਾਣਾ ਵੀ ਜਰੂਰੀ ਨਹੀਂ ਸਮਝਿਆ,ਲੋਕਾਂ ਨੂੰ ਮਿਲਣ ਵਾਸਤੇ ਪਿੰਡਾਂ ਵਿਚ ਜਾਣਾ ਅਤੇ ਉਹਨਾਂ ਦੇ ਦੁੱਖ ਸੁੱਖ ਪੁੱਛਣਾ ਤਾਂ ਤੁਸੀਂ ਭੁੱਲ ਹੀ ਜਾਓ।
ਸ.ਬਾਦਲ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਰਚੀ ਜਾ ਰਹੀ ਸਾਜ਼ਿਸ਼ ਬਾਰੇ ਬੋਲਦਿਆਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਦੋਸ਼ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਜੰਡਲੀ ਬਣਾ ਲਈ ਹੈ।ਉਹਨਾਂ ਕਿਹਾ ਕਿ ਲੋਕਾਂ ਨੇ ਹੁਣ ਇਸ ਸਾਜ਼ਿਸ਼ ਨੂੰ ਵੇਖ ਲਿਆ ਹੈ ਅਤੇ ਉਹ ਮਹਿਸੂਸ ਕਰ ਰਹੇ ਹਨ ਕਿ ਸਿੱਖ ਕੌਮ ਅੰਦਰ ਵੰਡੀਆਂ ਪਾਉਣ ਲਈ ਕਾਂਗਰਸ ਪਾਰਟੀ ਬਰਗਾੜੀ ਵਿਖੇ ਬੈਠੇ ਨਕਲੀ ਜਥੇਦਾਰਾਂ ਨਾਲ ਗੰਢਤੁਪ ਕਰ ਚੁੱਕੀ ਹੈ।ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦਾ ਭਾਂਡਾ ਫੁੱਟ ਚੁੱਕਿਆ ਹੈ,ਸ.ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਸੱਤਾ ਵਿਚ ਆਏ ਹੁਣ ਡੇਢ ਸਾਲ ਤੋਂ ਉੱਪਰ ਹੋ ਚੁੱਕਿਆ ਹੈ ਪਰ ਇਸ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਦੇ ਜ਼ਿੰਮੇਵਾਰ ਹੋਣ ਦਾ ਕੋਈ ਸਬੂਤ ਨਹੀਂ ਦਿੱਤਾ ਹੈ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸ ਵੱਲੋਂ ਅਕਾਲੀਆਂ ਉੱਤੇ ਨਸ਼ਿਆਂ ਦੇ ਕਾਰੋਬਾਰ ਨੂੰ ਫੈਲਾਉਣ ਦੇ ਲਾਏ ਝੂਠੇ ਦੋਸ਼ਾਂ ਦਾ ਕੱਚਾ ਚਿੱਠਾ ਵੀ ਖੁੱਥਲ੍ਹ ਚੁੱਕਿਆ ਹੈ,ਕਿਉਂਕਿ ਅਜੇ ਤੀਕ ਨਸ਼ਿਆਂ ਦੇ ਕਿਸੇ ਮਾਮਲੇ ਵਿਚ ਕਿਸੇ ਇੱਕ ਵੀ ਅਕਾਲੀ ਆਗੂ ਜਾਂ ਵਰਕਰ ਦਾ ਨਾਂ ਨਹੀਂ ਆਇਆ ਹੈ।
ਇਸ ਮੌਕੇ ਆਪ ਬਾਰੇ ਬੋਲਦਿਆਂ ਸ.ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇਸ ਪਾਰਟੀ ਦਾ ਨਾਰਾਜ਼ ਆਗੂ ਸੁਖਪਾਲ ਖਹਿਰਾ ਹੁਣ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨੁਕਸ ਗਿਣਾ ਰਿਹਾ ਹੈ।ਉਹਨਾਂ ਕਿਹਾ ਕਿ ਜਦੋਂ ਖਹਿਰਾ ਵਿਰੋਧੀ ਧਿਰ ਦਾ ਆਗੂ ਸੀ ਤਾਂ ਉਸ ਨੂੰ ਕੇਜਰੀਵਾਲ ਸਭ ਤੋਂ ਨੇਕ ਆਗੂ ਨਜ਼ਰ ਆਉਂਦਾ ਸੀ।ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੁਣ ਖਹਿਰਾ ਆਪ ਉੱਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਵੇਚਣ ਦਾ ਦੋਸ਼ ਲਗਾ ਰਿਹਾ ਹੈ ਪਰੰਤੂ ਇਸ ਬਾਰੇ ਉਸ ਨੇ ਚੋਣਾਂ ਦੌਰਾਨ ਜਾਂ ਉਸ ਤੋਂ ਬਾਅਦ ਵੀ ਕਦੇ ਕੋਈ ਅਵਾਜ਼ ਨਹੀਂ ਉਠਾਈ।ਉਹਨਾਂ ਕਿਹਾ ਕਿ ਖਹਿਰਾ ਉਹੀ ਵਿਅਕਤੀ ਹੈ,ਜਿਹੜਾ ਪਹਿਲਾਂ ਗਾਂਧੀ ਪਰਿਵਾਰ ਦੀ ਜੀ ਹਜ਼ੂਰੀ ਕਰਦਾ ਸੀ ਅਤੇ ਦਿੱਲੀ ਅੰਦਰ 1984 ਸਿੱਖ ਕਤਲੇਆਮ ਵਿਚ ਇਸ ਪਰਿਵਾਰ ਦੀ ਭੂਮਿਕਾ ਹੋਣ ਦੇ ਬਾਵਜੂਦ ਗਾਂਧੀਆਂ ਦੀ ਵਕਾਲਤ ਕਰਦਾ ਸੀ।
ਸ.ਬਾਦਲ ਨੇ ਕਿਹਾ ਕਿ ਆਪ ਆਗੂ ਭਗਵੰਤ ਮਾਨ ਬਾਰੇ ਜਿੰਨਾ ਘੱਟ ਬੋਲਿਆ ਜਾਵੇ,ਉਨ੍ਹਾਂ ਹੀ ਚੰਗਾ ਹੈ।ਉਹਨਾਂ ਕਿਹਾ ਕਿ ਮਾਨ ਦਾ ਅਕਸ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਸੰਸਦ ਵਿਚ ਕੋਈ ਉਸ ਦੇ ਕੋਲ ਨਹੀਂ ਬੈਠਣਾ ਪਸੰਦ ਨਹੀਂ ਕਰਦਾ, ਕਿਉਂਕਿ ਉਸ ਕੋਲੋਂ ਹਮੇਸ਼ਾਂ ਸ਼ਰਾਬ ਦੀ ਬਦਬੋ ਆ ਰਹੀ ਹੁੰਦੀ ਹੈ।ਇਸ ਮੌਕੇ ਸੰਤ ਲੌਂਗੋਵਾਲ ਬਾਰੇ ਬੋਲਦਿਆਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਐਮਰਜੰਸੀ ਦੌਰਾਨ ਅਤੇ ਕਪੂਰੀ ਵਿਖੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਲਾਏ ਧਰਮਯੁੱਧ ਮੋਰਚੇ ਦੌਰਾਨ ਅਕਾਲੀ ਦਲ ਦੀ ਅਗਵਾਈ ਕੀਤੀ ਸੀ। ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਸੰਤ ਲੌਂਗੋਵਾਲ ਨੇ ਯੂਥ ਅਕਾਲੀ ਦਲ ਦੀ ਸਥਾਪਨਾ ਕਰਕੇ ਨੌਜਵਾਨਾਂ ਦੇ ਹੱਥ ਵਿਚ ਤਾਕਤ ਦਿੱਤੀ ਸੀ ਅਤੇ ਕਿਸ ਤਰ੍ਹਾਂ ਉਹਨਾਂ ਨੇ ਦਲਿਤਾਂ ਅਤੇ ਇਸਤਰੀਆਂ ਲਈ ਅਕਾਲੀ ਦਲ ਦੇ ਵੱਖਰੇ ਵਿੰਗ ਬਣਾਏੇ ਸਨ।