ਜਗਦੀਸ਼ ਥਿੰਦ
ਫਾਜ਼ਿਲਕਾ 20 ਅਗਸਤ
ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦਾ ਜਨਮ ਦਿਹਾੜਾ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ। ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਏ ਗਏ ਇਸ ਦਿਹਾੜੇ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰਤਿਗਿਆ ਕੀਤੀ ਕਿ ਉਹ ਆਪਸੀ ਸਦਭਾਵਨਾ ਬਣਾਈ ਰੱਖਣਗੇ। ਇਸ ਦੌਰਾਨ ਉਨ੍ਹਾਂ ਦੇਸ਼ ਵਿਚ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਵੀ ਪ੍ਰਣ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਾਡਾ ਦੇਸ਼ ਬਹੁਤ ਸਾਰੇ ਧਰਮਾਂ, ਫਿਰਕਿਆਂ, ਬੋਲੀਆਂ ਵਾਲਾ ਦੇਸ਼ ਹੈ। ਇਹੀ ਅਨੇਕਤਾ ਇਸ ਮੁਲਕ ਦੀ ਏਕਤਾ ਦਾ ਆਧਾਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਵਖਰੇਵੇਂ ਭੁੱਲ ਕੇ ਸਭ ਤੋਂ ਪਹਿਲਾਂ ਭਾਰਤੀ ਹਾਂ।
ਇਸ ਮੌਕੇ ਸਹਾਇਕ ਕਮਿਸ਼ਨਰ(ਜ) ਸ੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਭਲਾਈ ਅਫਸਰ ਸ. ਬਰਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਸ. ਪੰਮੀ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਡੀ.ਸੀ. ਦਫਤਰ ਨਾਲ ਸਬੰਧਤ ਵੱਖ-ਵੱਖ ਬਰਾਚਾਂ ਦੇ ਕਰਮਚਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।