ਫਿਰੋਜ਼ਪੁਰ 17 ਅਗਸਤ (ਗੁਰਿੰਦਰ ਸਿੰਘ) ਕੌਮਾਂਤਰੀ ਸਰਹੱਦ 'ਤੇ ਵਰਤੀ ਜਾਂਦੀ ਚੌਕਸੀ ਵਜੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਮੁਹੰਮਦੀ ਵਾਲਾ ਚੌਕੀ ਏਰੀਆ ਵਿੱਚੋਂ ਦਰਿਆ ਸਤਲੁੱਜ ਵਿੱਚ ਤੈਰਦੇ ਇੱਕ ਕੇਨ ਵਿੱਚੋਂ ਕੋਲਡ ਡਰਿੰਕ ਵਾਲੀ ਬੋਤਲ ਵਿੱਚ ਭਰੀ ਹੈਰੋਇਨ ਅਤੇ 2 ਪਾਕਿਸਤਾਨੀ ਸਿਮਾਂ ਬਰਾਮਦ ਕੀਤੀਆਂ ਹਨ।
ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਦੱਸਿਆ ਕਿ ਅੱਜ ਦਿਨੇ ਕਰੀਬ 12.30 ਵਜੇ ਸੀਮਾ ਸੁਰੱਖਿਆ ਬਲ ਦੀ 105 ਬਟਾਲੀਅਨ ਦੇ ਜਵਾਨ ਮੁਹੰਮਦੀ ਵਾਲਾ ਚੌਕੀ ਏਰੀਆਂ ਵਿੱਚ ਗਸ਼ਤ ਕਰ ਰਹੇ ਸਨ ਤਾਂ ਪਾਕਿਸਤਾਨ ਵਾਲੇ ਪਾਸਿਉਂ ਦਰਿਆ ਸਤਲੁੱਜ ਦੇ ਆ ਰਹੇ ਪਾਣੀ ਦੇ ਵਹਾਅ ਵਿੱਚ ਇੱਕ ਪਲਾਸਟਿਕ ਦਾ ਕੇਨ ਤੈਰਦਾ ਨਜ਼ਰ ਆਇਆ। ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਉਕਤ ਕੈਨ ਦੀ ਚੈਕਿੰਗ ਕਰਨ 'ਤੇ ਉਸ ਵਿੱਚ ਕੋਲਡ ਡਰਿੰਕ ਦੀ ਬੋਤਲ ਵਿੱਚ ਭਰੀ ਹੈਰੋਇਨ ਅਤੇ 2 ਪਾਕਿਸਤਾਨੀ ਸਿਮਾਂ ਬਰਾਮਦ ਹੋਈਆਂ। ਬਰਾਮਦ ਹੈਰੋਇਨ ਦਾ ਵਜ਼ਨ 330 ਗਰਾਮ ਨਿਕਲਿਆ ਜਿਸ ਦੀ ਅੰਤਰਰਾਸਟਰੀ ਬਜ਼ਾਰ ਵਿੱਚ ਕੀਮਤ ਕਰੀਬ 16.50 ਲੱਖ ਰੁਪਏ ਦੱਸੀ ਗਈ ਹੈ।