ਬਰਲਿਨ, 9 ਅਗਸਤ 2018 - ਬ੍ਰਿਟਿਸ਼ ਏਅਰਵੇਜ਼ ਵਿਚ ਕੁਝ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇੱਕ ਭਾਰਤੀ ਜੋੜੇ ਨੂੰ ਇਸ ਕਰਕੇ ਜ਼ਬਰਨ ਜਹਾਜ਼ ਵਿਚੋਂ ਉਤਾਰ ਦਿੱਤਾ ਕਿਉਂਕਿ ਉਨ੍ਹਾਂ ਦਾ ਤਿੰਨ ਸਾਲ ਦਾ ਬੱਚਾ ਜਹਾਜ਼ ਵਿਚ ਰੋ ਰਿਹਾ ਸੀ। ਘਟਨਾ ਬੀਤੀ 23 ਜੁਲਾਈ ਦੀ ਹੈ ਜਦੋਂ ਲੰਦਨ-ਬਰਲਿਨ ਫਲਾਈਟ (BA 8495) 'ਚ 1984 ਬੈਚ ਦਾ ਭਾਰਤੀ ਇੰਜੀਨੀਅਰਿੰਗ ਸਰਵਿਸਜ਼ ਦਾ ਅਫਸਰ ਆਪਣੇ ਪਰਿਵਾਰ ਨਾਲ ਜਹਾਜ਼ ਵਿਚ ਸੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਅਫਸਰ ਵੱਲੋਂ ਏਵੀਏਸ਼ਨ ਮੰਤਰੀ ਸੁਰੇਸ਼ ਪ੍ਰਭੂ ਕੋਲ ਇਸ ਘਟਨਾ ਦੀ ਸ਼ਿਕਾਇਤ ਵੀ ਕੀਤੀ ਗਈ ਹੈ।
ਮੰਤਰੀ ਨੂੰ ਕੀਤੀ ਸ਼ਿਕਾਇਤ ਵਿਚ ਅਫਸਰ ਨੇ ਕਿਹਾ ਕਿ ਉਸਦੀ ਘਰਵਾਲੀ ੳਸੁਦੇ ਤਿੰਨ ਸਾਲ ਦੇ ਬੱਚੇ ਦੇ ਸੀਟ ਬੈਲਟ ਲਗਾ ਰਹੀ ਸੀ ਕਿ ਉਹ ਅਚਾਨਕ ਰੋਣ ਲੱਗ ਪਿਆ। ਜਿਸ ਤੋਂ ਬਾਅਦ ਉਸਦੀ ਘਰਵਾਲੀ ਬੱਚੇ ਨੂੰ ਗੋਦੀ ਚੁੱਕ ਚੁੱਪ ਕਰਾਉਣ ਲੱਗ ਗਈ ਤੇ ਇਕ ਮੇਲ ਕਰਿਊ ਮੈਂਬਰ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ 'ਤੇ ਬਿਨ੍ਹਾ ਵਜ੍ਹਾ ਉੱਚੀ-ਉੱਚੀ ਬੋਲਣ ਲੱਗ ਗਿਆ ਅਤੇ ਉਸਦੇ ਬੱਚੇ ਨੂੰ ਫੜ ਕੇ ਸੀਟ 'ਤੇ ਬਿਠਾਉਣ ਲੱਗਾ ਜਿਸ 'ਤੇ ਉਨ੍ਹਾਂ ਦਾ ਬੱਚਾ ਡਰ ਕੇ ਹੋਰ ਵੀ ਵੱਧ ਰੋਣ ਲੱਗ ਗਿਆ। ਉਨ੍ਹਾਂ ਕਿਹਾ ਕਿ ਬੱਚੇ ਨੂੰ ਦੁਬਾਰਾ ਤੋਂ ਸੀਟ 'ਤਾੇ ਬੈਲਟ ਲਗਾ ਕੇ ਬਿਠਾਇਆ ਗਿਆ ਪਰ ਬੱਚਾ ਰੋਂਦਾ ਰਿਹਾ ਅਤੇ ਉਹੀ ਕ੍ਰਿਊ ਮੈਂਬਰ ਦੁਬਾਰਾ ਤੋਂ ਉਨ੍ਹਾਂ ਕੋਲ ਆਇਆ ਤੇ ਬੱਚੇ 'ਤੇ ਜ਼ੋਰ ਦੀ ਚੀਕਣ ਲੱਗਾ ਕਿ ਜੇਕਰ ਉਹ ਚੁੱਪ ਨਾ ਕੀਤਾ ਤਾਂ ਉਸਨੂੰ ਚੁੱਕ ਕੇ ਬਾਹਰ ਸੁੱਟ ਦੇਵੇਗਾ। ਅਫਸਰ ਨੇ ਕਿਹਾ ਕਿ ਉਸ ਜਹਾਜ਼ ਦੇ ਕਰਮੀ ਵੱਲੋਂ ਸਕਿਉਰਿਟੀ ਸਟਾਫ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਬੋਰਡਿੰਗ ਪਾਸ ਲੈ ਗਿਆ।
ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਬਹੁਤ ਗੰਭੀਰਤਾ ਨਾਲ ਜਾਂਚ ਕਰਾ ਰਹੇ ਹਨ।