ਰੂਪਨਗਰ, 9 ਅਗਸਤ 2018 - ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰਜਨੀ ਹਰਬਲ ਪ੍ਰੋਡਕਟਸ ਦੇ ਸ਼੍ਰੀ ਕੁਲਤਾਰ ਸਿੰਘ ਪਾਸੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਐਮ.ਟੈਕ ਦੀ ਡਿਗਰੀ ਲੈਣ ਉਪਰੰਤ ਸਹਾਇਕ ਪ੍ਰੋਫੈਸਰ ਦੀ ਨੌਕਰੀ ਛੱਡ ਕੇ ਸਵੈ ਰੁਜ਼ਗਾਰ ਨੂੰ ਅਪਨਾਇਆ ਅਤੇ ਫਾਰਮੈਸੀ ਦਾ ਮਾਲਕ ਬਣਿਆ ਜੋ ਕਿ 2 ਏਕੜ ਜ਼ਮੀਨ ਵਿਚ ਬਣੀ ਹੋਈ ਹੈ।
ਬੀਤੇ ਦਿਨੀ ਭਾਰਤ ਸਰਕਾਰ ਦੇ ਐਮ.ਐਸ.ਐਮ.ਈ. ਦੇ ਸਕੱਤਰ ਡਾ: ਅਰੁਣ ਪਾਂਡਾ ਆਈ.ਏ.ਐਸ. ਨੇ ਸ਼੍ਰੀ ਵੀ.ਕੇ. ਸ਼ਰਮਾ ਡਾਇਰੈਕਟਰ ਕੇ.ਵੀ.ਆਈ.ਸੀ. ਪੰਜਾਬ ,ਸ਼੍ਰੀ ਸੁਧਾਂਸ਼ੂ ਮਾਥੂਰ ਸਹਾਇਕ ਡਾਇਰੈਕਟਰ ਕੇ.ਵੀ.ਆਈ.ਸੀ. ਪੰਜਾਬ , ਸ਼੍ਰੀ ਮੇਜਰ ਸਿੰਘ ਡਾਇਰੈਕਟਰ ਐਮ.ਐਸ.ਐਮ.ਈ. ਲੁਧਿਆਣਾ, ਸ਼੍ਰੀ ਆਰ.ਕੇ. ਪਰਮਾਰ ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ. ਲੁਧਿਆਣਾ ਦੇ ਨਾਲ ਰਜਨੀ ਹਰਬਲ ਦਾ ਦੌਰਾ ਕੀਤਾ ।ਉਹ ਇਸ ਰਜਨੀ ਹਰਬਲ ਪ੍ਰੋਡਕਟਸ ਵਿੱਚ ਤਿਆਰ ਹੋਣ ਵਾਲੇ ਉਤਪਾਦਾਂ ਅਤੇ ਮਸ਼ੀਨਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਕਿਹਾ ਕਿ ਇਸ ਫਾਰਮੈਂਸੀ ਵਿੱਚ ਘੱਟ ਸਮਾਨ ਤਿਆਰ ਕੀਤਾ ਜਾ ਰਿਹਾ ਇਸ ਲਈ ਇਸ ਫਾਰਮੈਂਸੀ ਦੀ ਉਤਪਾਦਨ ਦੀ ਸਮੱਰਥਾ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੈ ਜਿਸ ਲਈ ਹਰ ਮਾਲੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਸ਼੍ਰੀ ਕੁਲਤਾਰ ਸਿੰਘ ਨੂੰ ਇਸ ਰਜਨੀ ਹਰਬਲ ਪ੍ਰੋਡਕਟਸ ਵਿੱਚ ਹੋਰ ਜ਼ਿਆਦਾ ਵਿਅਕਤੀਆਂ ਨੂੰ ਰੁਜ਼ਗਾਰ ਦੇਣ ਲਈ ਪ੍ਰੇਰਿਤ ਵੀ ਕੀਤਾ ।
ਉਨ੍ਹਾਂ ਸ਼੍ਰੀ ਕੁਲਤਾਰ ਸਿੰਘ ਨੂੰ ਲਖਨਊ ਵਿੱਚ ਚਲ ਰਹੇ ਭਾਰਤ ਸਰਕਾਰ ਦੇ ਅਦਾਰੇ ਵਿੱਚ ਵਿਸ਼ੇਸ਼ ਸਿਖਲਾਈ ਦੇਣ ਦਾ ਭਰੋਸਾ ਵੀ ਦਿਵਾਇਆ ।
ਸ਼੍ਰੀ ਕੁਲਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੈਕੇਨਿਕਲ ਵਿੱਚ ਬੀ.ਟੈਕ ਤੇ ਐਮ.ਟੈਕ ਦੀ ਡਿਗਰੀ ਲੈਣ ਉਪਰੰਤ ਸਹਾਇਕ ਪ੍ਰੋਫੈਸਰ ਦੀ ਨੌਕਰੀ ਜੁਆਇੰਨ ਕਰ ਲਈ ਜਿੱਥੇ ਕਿ ਉਨ੍ਹਾਂ ਲੱਗਭਗ ਤਿੰਨ ਸਾਲ ਕੰਮ ਕੀਤਾ । ਉਨ੍ਹਾਂ ਦੇ ਪਿਤਾ ਸ਼੍ਰੀ ਨਰਿੰਦਰ ਸਿੰਘ ,ਜੋ ਕਿ ਇੱਕ ਅਗਾਂਹ ਵਧੂ ਕਿਸਾਨ ਹਨ , ਵੱਲੋਂ ਖੇਤੀ ਵਿਭਿੰਨਤਾ ਤਹਿਤ ਰਿਵਾਇਤੀ ਖੇਤੀ ਤੋਂ ਹਟ ਕੇ ਘੀ-ਕਵਾਰ (ਐਲੋਵੀਰਾ) ਅਤੇ ਜੜੀ ਬੂਟੀਆਂ ਦੀ ਖੇਤੀ ਕਰਨ ਉਪਰੰਤ ਛੋਟੇ ਪੱਧਰ ਤੇ ਇੱਕ ਰਜਨੀ ਹਰਬਲ ਪ੍ਰੋਡਕਟਸ ਦੀ ਸਥਾਪਨਾ ਕਰ ਲਈ।ਉਨ੍ਹਾਂ ਫੈਸਲਾ ਕੀਤਾ ਕਿ ਉਹ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੀ ਛੋਟੀ ਪੱਧਰ ਦੇ ਇਸ ਅਦਾਰੇ ਨੂੰ ਸਿਖਰਾਂ ਤੱਕ ਲੈ ਕੇ ਜਾਵੇਗਾ।ਇਸ ਫੈਸਲੇ ਉਪਰੰਤ ਉਨ੍ਹਾਂ ਨੌਕਰੀ ਛੱਡ ਕੇ ਆਪਣੇ ਪਿਤਾ ਨਾਲ ਕੰਮ ਸ਼ੁਰੂ ਕਰ ਦਿੱਤਾ ।ਪਿਛਲੇ ਲੱਗਭਗ ਤਿੰਨ ਸਾਲਾਂ ਤੋਂ ਉਨ੍ਹਾਂ ਸਖਤ ਮਿਹਨਤ ਅਤੇ ਦਲੇਰੀ ਦਿਖਾਉਂਦੇ ਹੋਏ ਰਜਨੀ ਹਰਬਲ ਦੇ ਉਤਪਾਦਾਂ ਵਿੱਚ ਵਿਭਿੰਨਤਾ ਲਿਆਉਂਦੇ ਹੋਏ ਵਾਧਾ ਕੀਤਾ।ਉਹ ਖੁਦ ਹੀ ਆਪਣੇ ਉਤਪਾਦਾਂ ਦਾ ਬਜ਼ਾਰੀਕਰਨ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਆਯੁਰਵੈਦਿਕ ਵਿਭਾਗ ਨੇ ਉਸ ਵੱਲੋਂ ਸ਼ੁਰੂ ਕੀਤੇ ਕੰਮ ਨੂੰ ਵੇਖਦੇ ਹੋਏ ਉਸਦੀ ਮਦਦ ਕੀਤੀ ਅਤੇ ਉਸ ਨੂੰ ਪ੍ਰੇਰਤ ਕੀਤਾ ਕਿ ਉਹ ਘੀ-ਕਵਾਰ ਦੇ ਹੋਰ ਉਤਪਾਦ ਵੀ ਬਣਾਵੇ। ਉਸ ਨੇ ਵਿਭਾਗ ਦੀ ਪ੍ਰੇਰਣਾ ਨਾਲ ਟੁਥ ਪੇਸਟ , ਜੈਲ , ਕਰੀਮ ਵਰਗੇ ਉਤਪਾਦ ਬਣਾਉਣੇ ਸੁਰੂ ਕੀਤੇ, ਵਿਭਾਗ ਵਲੋਂ ਉਸ ਦੇ ਕੰਮ ਨੂੰ ਵੇਖਦੇ ਹੋਏ ਇਸ ਦੀ ਸੰਸਥਾ ਨੂੰ ਰਜਨੀ ਹਰਬਲ ਫਾਰਮੇਸੀ ਪਿੰਡ ਤਪਾਲ ਮਾਜਰਾ ਡਾਕਖਾਨਾ ਮਲਕਪੁਰ ਜ਼ਿਲਾ ਰੂਪਨਗਰ (ਆਯੁਰਵੈਕਿ/ਯੂਨਾਨੀ ਦਵਾਈਆਂ ਬਣਾਈਆਂ ਜਾਂਦੀਆਂ ਹਨ) ਦਾ ਦਰਜਾ ਦੇ ਦਿਤਾ ਜਿਥੇ ਕਿ ਹੁਣ ਲਗਭੱਗ 18 ਵਿਅਕਤੀਆਂ ਨੂੰ ਰੋਜਗਾਰ ਮਿਲਿਆ ਹੋਇਆ ਹੈ, ਇਸ ਫਾਰਮੇਸੀ ਵਿਚ ਹੁਣ ਐਲੋਵੀਰਾ ਜੂਸ, ਟੁਥਪੇਸਟ, ਐਲੋਵੀਰਾ ਜੈਲ,ਹਰਬਲ ਤੇਲ ਤੇ ਡਕਾਲਾ ਸਾਬੁਣ, ਐਲੋਵੀਰਾ ਹੈਂਡ ਵਾਸ਼,ਦਰਦ ਰਕੱਸ਼ਕ ਕੈਪਸੂਲ ਤੇ ਤੇਲ ,ਅਸ਼ਵਗੰਧਾ ਕੈਪਸੂਲ , ਸਲਿਮ ਰਤਨ ਕੈਪਸੂਲ, ਕਰੀਮ, ਅਰਜੁਨ ਸਿਰਪ ਅਤੇ ਗਲੋ ਸਿਰਪ(ਜ਼ੋ ਕਿ ਕਲੈਸਟਰੋਲ ਘਟਾਉਣ ਵਿੱਚ ਮਦਦ ਕਰਦੀ ਹੈ), ਹੈਂਡਵਾਸ਼, ਸ਼ੈਂਪੂ ਤਿਆਰ ਕੀਤੀ ਜਾਂਦੀ ਹੈ।
ਇਹ ਸਾਰੇ ਉਤਪਾਦ ਫਾਰਮੇਸੀ ਵਿੱਚ ਨਿਯੁਕਤ ਲੇਡੀ ਡਾਕਟਰ ਦੀ ਹਾਜਰੀ ਅਤੇ ਉਸ ਦੀ ਦੇਖਰੇਖ ਵਿੱਚ ਤਿਆਰ ਕੀਤੇ ਜਾਂਦੇ ਹਨ। ਉਨ੍ਹਾ ਦਾ ਇਹ ਵੀ ਕਹਿਣਾ ਹੈ ਕਿ ਐਲੋਵੀਰਾ ਦਾ ਰਸ ਜਿਥੇ ਸ਼ੂਗਰ, ਹਾਰਟ ਅਤੇ ਕੈਂਸਰ ਵਰਗੀਆਂ ਅਲਾਹਮਤਾ ਨੂੰ ਆਉਣ ਤੋਂ ਰੋਕਦਾ ਹੈ । ਅੱਜ ਇਸ ਫਾਰਮੈਂਸੀ ਦਾ ਸਲਾਨਾ ਟਰਨਓਵਰ ਲੱਗਭਗ 01 ਕਰੋੜ ਰੁਪਏ ਦਾ ਹੈ।
ਉਨ੍ਹਾਂ ਦਸਿਆ ਕਿ ਇਸ ਫਾਰਮੇਸੀ ਵਿਚ ਤਿਆਰ ਕੀਤੀ ਗਈ ਟੂਥਪੇਸਟ ਤੇ ਦੰਤਰਤਨ ਹਰਬਲ ਟੂਥਪੇਸਟ ਤੋ ਐਮ.ਐਸ.ਐਮ.ਈ. ਦੇ ਸਕੱਤਰ ਡਾ: ਅਰੁਣ ਪਾਂਡਾ ਬਹੁਤ ਪ੍ਰਭਾਵਿਤ ਹੋਏ ਇਸ ਤੋਂ ਇਲਾਵਾ ਇਸ ਟੂਥਪੇਸਟ ਨੂੰ ਬਿਹਾਰ ਤੋਂ ਚੰਗਾ ਹੁੰਗਾਰਾ ਮਿਲਿਆ ਹੈ, ਏਅਰ ਇੰਡੀਆ ਦੀਆਂ ਅੰਤਰਰਾਸ਼ਟਰੀ ਉਡਾਨਾਂ ਵਿਚ ਟੁੱਥਪੇਸਟ ਦਾ ਸਫਰੀ ਪੈਕ ਸਪਲਾਈ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਪਿਛਲੇ ਦਿਨੀ ਰਸ਼ੀਆ ਤੋਂ ਆਏ ਡੈਲੀਗੇਟਸ ਵਲੋਂ ਇਸ ਫਾਰਮੇਸੀ ਵਿਚ ਤਿਆਰ ਕੀਤੇ ਜਾ ਰਹੇ ਸੁੰਦਰਤਾ ਉਤਪਾਦਾਂ ਵਿਚ ਰੁਚੀ ਦਿਖਾਈ ਗਈ ਹੈ।