ਜੀ ਐੱਸ ਪੰਨੂ
ਪਟਿਆਲਾ, 8 ਅਗਸਤ 2018
ਸਨੌਰ ਪੁਲਿਸ ਥਾਣੇ ਵਿੱਚ ਬੀਤੇ ਦਿਨੀਂ ਕੁੱਝ ਨੌਜਵਾਨਾਂ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਕਾਰਵਾਈ ਕਰਦਿਆਂ ਪਹਿਲਾਂ ਜਿੱਥੇ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਏ.ਐਸ.ਆਈ. ਨਰਿੰਦਰ ਸਿੰਘ ਨੰਬਰ 1846 ਨੂੰ ਨੌਕਰੀ ਤੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ। ਉਥੇ ਹੀ ਅੱਜ ਉਸ ਵਿਰੁਧ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ 'ਚ ਰੱਖਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂਕਿ ਐਸ.ਐਸ.ਪੀ. ਨੇ ਇਸ ਮਾਮਲੇ 'ਚ ਆਪਣੇ ਅਧੀਨ ਕਰਮਚਾਰੀਆਂ ਉਪਰ ਪੂਰਾ ਕੰਟਰੋਲ ਨਾ ਰੱਖਣ ਅਤੇ ਢਿੱਲੀ ਸੁਪਰਵੀਜਨ ਹੋਣ ਕਾਰਨ ਸਨੌਰ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਗੁਰਿੰਦਰ ਸਿੰਘ ਬੱਲ ਵਿਰੁਧ ਵੀ ਵਿਭਾਗੀ ਪੜਤਾਲ ਦੇ ਆਦੇਸ਼ ਦਿੱਤੇ ਹਨ।
ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਨੌਰ ਵਿਖੇ ਆਈ.ਪੀ.ਸੀ. ਦੀ ਧਾਰਾ 323 ਅਤੇ 342 ਅਧੀਨ ਐਫ.ਆਈ.ਆਰ. ਨੰਬਰ 50 ਮਿਤੀ 8 ਅਗਸਤ 2018 ਤਹਿਤ ਦਰਜ ਕੀਤਾ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਇਹ ਪੁਲਿਸ ਕੇਸ ਐਸ.ਪੀ. ਸਿਟੀ ਸ. ਕੇਸਰ ਸਿੰਘ ਵੱਲੋਂ ਕੀਤੀ ਗਈ ਤਫ਼ਤੀਸ ਮਗਰੋਂ ਆਈ ਮੁਢਲੀ ਰਿਪੋਰਟ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ ਅਤੇ ਦਰਜ ਕੀਤੇ ਇਸ ਮਾਮਲੇ ਦੀ ਅਗਲੇਰੀ ਪੜਤਾਲ ਡੀ.ਐਸ.ਪੀ. ਦਿਹਾਤੀ ਸ. ਗੁਰਦੇਵ ਸਿੰਘ ਧਾਲੀਵਾਲ ਕਰਨਗੇ। ਉਨਾਂ ਦੱਸਿਆ ਕਿ ਆਪਣੇ ਅਧੀਨ ਕਰਮਚਾਰੀਆਂ ਉਪਰ ਪੂਰਾ ਕੰਟਰੋਲ ਨਾ ਰੱਖਣ ਤੇ ਢਿੱਲੀ ਸੁਪਰਵੀਜਨ ਹੋਣ ਕਾਰਨ ਸਨੌਰ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਗੁਰਿੰਦਰ ਸਿੰਘ ਬੱਲ ਵਿਰੁਧ ਵੀ ਵਿਭਾਗੀ ਪੜਤਾਲ ਕੀਤੀ ਜਾਵੇਗੀ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੇ ਆਦੇਸ਼ਾਂ 'ਤੇ ਚੱਲ ਰਹੀ ਮੈਜਿਸਟਰੀਅਲ ਜਾਂਚ ਦੀ ਰਿਪੋਰਟ ਅਤੇ ਡੀ.ਐਸ.ਪੀ. ਦੀ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਮਗਰੋਂ ਜੇ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਇਆ ਤਾਂ ਉਸ ਵਿਰੁਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਥੇ ਇਹ ਦੱਸਣ ਯੋਗ ਹੈ ਕਿ ਸ਼੍ਰੀਮਤੀ ਪ੍ਰਨੀਤ ਕੌਰ ਅੱਜ ਪੀੜਤਾ ਦਾ ਹਾਲ ਚਾਲ ਰਾਜਿੰਦਰਾ ਹਸਪਤਾਲ ਆਏ ਸਨ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਪੀੜਤਾਂ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਉਨਾਂ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ। ਉਨਾਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਲਈ ਕਿਹਾ ਅਤੇ ਕਿਹਾ ਸੀ ਕਿ ਕਾਨੂੰਨ ਦੀ ਉਲੰਗਣਾ ਕਿਸੇ ਨਾ ਕਰਨ ਦਿਤੀ ਜਾਵੇ ਜਿਸ ਨੇ ਵੀ ਕਾਨੂੰਨ ਦੀ ਉਲੰਗਣਾ ਕੀਤੀ ਉਸ ਤੇ ਸੱਖਤ ਕਾਰਵਾਈ ਕੀਤੀ ਜਾਵੇ ਜਿਸ ਦੇ ਤੇ ਅਧਾਰ ਇਹ ਪਰਚਾ ਦਰਜ ਕੀਤਾ ਗਿਆ।