ਅੰਮ੍ਰਿਤਸਰ, 23 ਜੁਲਾਈ - ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁੱਖ ਸੇਵਾਦਾਰ ਬੀ. ਐਸ. ਗੁਰਾਇਆ ਨੇ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚਲ ਰਹੀ ਕਾਰ ਸੇਵਾ ਤੇ ਸਵਾਲ ਖੜੇ ਕੀਤੇ ਹਨ। ਗੁਰਾਇਆ ਨੇ ਤਸਵੀਰਾਂ ਭੇਜ ਕੇ ਇਲਜਾਮ ਲਾਇਆ ਸੀ ਕਿ ਸ਼੍ਰੋਮਣੀ ਕਮੇਟੀ ਨੇ ਦੋ ਪੁਰਾਤਨ ਖੂਹਾਂ ਨੂੰ ਹੀ ਢਾਹ ਦਿਤਾ ਹੈ ਜਿੰਨਾਂ ਨਾਲ ਗੁਰੂ ਨਾਨਕ ਸਾਹਿਬ ਦੀ ਯਾਦ ਜੁੜੀ ਹੋਈ ਹੈ। ਗੁਰਾਇਆ ਦਾ ਕਹਿਣਾ ਸੀ ਕਿ ਢਾਹੇ ਗਏ ਖੂਹ ਉਸ (ਸਰਜੀ ਖੂਹ) ਨਾਲੋ ਜਿਆਦਾ ਪੁਰਾਣੇ ਹਨ ਜਿਸ ਨੂੰ ਸੰਵਾਰਨ ਦੀ ਗਲ ਕਹੀ ਜਾ ਰਹੀ ਹੈ ।
ਗੁਰਾਇਆ ਦਾ ਕਹਿਣਾ ਸੀ ਕਿ ਜੇ ਅੱਜ ਵੀ ਸ਼੍ਰੋਮਣੀ ਕਮੇਟੀ ਚਾਹੇ ਤਾਂ ਇਨਾਂ ਨੂੰ ਸੰਭਾਲਿਆ ਜਾ ਸਕਦਾ ਹੈ। ਇਹ ਖੂਹ ਸਰਜੀ-ਖੂਹ ਨਾਲੋਂ ਪੁਰਾਣੇ ਹਨ। ਕਿਉਕਿ ਜਦੋਂ ਇਹਨਾਂ ਛੋਟੇ ਖੂਹਾਂ ਨਾਲ ਪੂਰੀ ਨਹੀ ਸੀ ਪੈ ਰਹੀ ਤਾਂ ਹੀ ਵੱਡੇ ਖੂਹ ਦੀ ਜਰੂਰਤ ਪਈ ਹੋਵੇਗੀ। ਗੁਰਾਇਆ ਅਨੁਸਾਰ ਢਾਹੇ ਗਏ ਖੂਹ ਗੁਰੂ ਨਾਨਕ ਦੀ ਛੋਹ ਪ੍ਰਾਪਤ ਹਨ।
ਪਰ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੁਰਾਤਤਵ ਵਿਭਾਗ ਵੱਲੋਂ ਅੱਜ ਹੀ ਇਨ੍ਹਾਂ ਖੂ੍ਹੀਆਂ ਦੀ ਅੱਜ ਪੜਚੋਲ ਕੀਤੀ ਗਈ ,ਜਿਸਤੋਂ ਬਾਅਦ ਉਨ੍ਹਾਂ ਘੋਸ਼ਿਤ ਕੀਤਾ ਕਿ ਇਨ੍ਹਾਂ ਖੂਹੀਆਂ ਦਾ ਗੁਰਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ। ਪੰਜਾਬ ਪੁਰਾਤਤਵ ਵਿਭਾਗ 'ਚੋਂ ਸੇਵਾ ਮੁਕਤ ਹੋਏ ਰਜਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਨੇ ਇਸ ਗੁਰਦੁਆਰੇਾ ਸਾਹਿਬ ਵਿਚ ਅੱਜ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਇਹ ਦੋਵੇਂ ਖੂਹੀਆਂ ਛੋਟੀ ਇੱਟ ਦੀਆਂ ਬਣੀਆਂ ਹਨ ਅਤੇ ਸੰਭਾਵਨਾ ਹੈ ਕਿ ਇਹ ਵੀ ਉਸੇ ਕਾਲ ਦੀਆਂ ਬਣੀਆਂ ਹੋਈਆਂ ਹਨ ਪਰ ਇਨ੍ਹਾਂ ਦਾ ਸਿੱਖ ਇਤਿਹਾਸ ਜਾਂ ਗੁਰ-ਇਤਿਹਾਸ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਅਜਿੱਤੇ ਰੰਧਾਵੇ ਦੇ ਖੂਹ ਦੇ ਨਾਂ ਨਾਲ ਜਾਣਿਆ ਜਾਂਦਾ ਗੁਰਦੁਆਰਾ ਕੈਂਪਸ 'ਚ ਸਥਾਪਤ ਪੁਰਾਤਨ ਖੂਹ, ਕੋਲੋਂ ਕੀਤੀ ਖੁਦਾਈ ਸਮੇਂ ਇਕ ਹੋਰ ਥੜ੍ਹਾ ਮਿਲਿਆ। ਇਹ ਥੜ੍ਹਾ ਸੁਰਖੀ ਅਤੇ ਚੂਨੇ ਨਾਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਉਸ ਵੇਲੇ ਖੂਹ ਦੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਕਰਨ ਲਈ ਬਣਾਇਆ ਗਿਆ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਥੜ੍ਹਾ ਸਿੱਖ ਇਤਿਹਾਸ ਨਾਲ ਸਬੰਧਤ ਹੈ ਅਤੇ ਕਾਰ ਸੇਵਾ ਕਰ ਰਹੀ ਸੰਪਰਦਾ ਨੂੰ ਇਸ ਥੜ੍ਹੇ ਨਾਲ ਕੋਈ ਛੇੜਛਾੜ ਨਾ ਕਰਨ ਵਾਸਤੇ ਆਖਿਆ।