ਡਿਪਟੀ ਕਮਿਸ਼ਨਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ, ਘਰ ਘਰ ਰੋਜ਼ਗਾਰ ਯੋਜਨਾ,
ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਦਾ ਜਾਇਜ਼ਾ
ਸੰਗਰੂਰ, 23 ਜੁਲਾਈ: (APS)
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਜ਼ਿਲ੍ਹਾ ਪ੍ਰ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਤੰਦਰੁਸਤ ਪੰਜਾਬ ਮਿਸ਼ਨ, ਘਰ ਘਰ ਰੋਜ਼ਗਾਰ ਯੋਜਨਾ, ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ, ਕਿਸਾਨ ਕਰਜ਼ਾ ਰਾਹਤ ਯੋਜਨਾ, ਟਰੈਵਲ ਏਜੰਟਾਂ ਤੇ ਆਈਲੈਟਸ ਕੇਂਦਰਾਂ ਦੀ ਰਜਿਸਟਰੇਸ਼ਨ ਸਮੇਤ ਹੋਰ ਵਿਕਾਸ ਸਕੀਮਾਂ ਦੀ ਪ੍ਰਗਤੀ ਬਾਰੇ ਵਿਸਤ੍ਰਿਤ ਮੀਟਿੰਗ ਕੀਤੀ।
ਸ਼੍ਰੀ ਥੋਰੀ ਨੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਜ਼ਿਲ੍ਹੇ ਦੇ ਲੋੜਵੰਦਾਂ ਤੱਕ ਸਮਾਂਬੱਧ ਢੰਗ ਨਾਲ ਪਹੁੰਚਾਉਣ ਲਈ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਕਰਜ਼ਾ ਰਾਹਤ ਸਕੀਮ ਤਹਿਤ ਜ਼ਿਲ੍ਹੇ ਦੇ 32 ਹਜ਼ਾਰ 843 ਸੀਮਾਂਤ ਕਿਸਾਨਾਂ ਨੂੰ 143.70 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 374 ਹੋਰ ਕਿਸਾਨਾਂ ਦੀ ਪੜ੍ਹਤਾਲ ਕਰਕੇ 204.83 ਲੱਖ ਰੁਪਏ ਬਣਦੀ ਰਾਸ਼ੀ ਲਈ ਪੰਜਾਬ ਸਰਕਾਰ ਨੂੰ ਅਗੇਲਰੀ ਕਾਰਵਾਈ ਲਈ ਕੇਸ ਭੇਜ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨਾਂ ਦੇ ਕਰਜ਼ਾ ਕੇਸ ਪੜ੍ਹਤਾਲ ਲਈ ਆਏ ਹਨ, ਜਿਨ੍ਹਾਂ ਦੀ ਪੜ੍ਹਤਾਲ ਦਾ ਕੰਮ ਚਲ ਰਿਹਾ ਹੈ ਅਤੇ ਪੜ੍ਹਤਾਲ ਤੋਂ ਬਾਅਦ ਲੋੜਵੰਦ ਕਿਸਾਨਾਂ ਨੂੰ ਕਰਜ਼ਾ ਰਾਹਤ ਸਕੀਮ ਤਹਿਤ ਸਹਾਇਤਾ ਰਾਸ਼ੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਸ੍ਰੀ ਥੋਰੀ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਤਹਿਤ ਲਗਾਏ ਜਾ ਰਹੇ ਸਰਬਤ ਵਿਕਾਸ ਕੈਂਪਾਂ ਦੌਰਾਨ ਮੌਕੇ 'ਤੇ ਹੀ ਯੋਗ ਲਾਭਪਾਤਰੀਆਂ ਦੀ ਪੜਤਾਲ ਸਬੰਧੀ ਕਾਰਵਾਈ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਸਬ ਡਵੀਜ਼ਨ ਪੱਧਰ 'ਤੇ ਹਰੇਕ ਪਿੰਡ ਵਿੱਚ 10-10 ਯੋਗ ਬਿਨੈਕਾਰਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਕਰਕੇ ਸੂਚੀ ਤਿਆਰ ਕਰਕੇ ਮੁਹੱਈਆ ਕਰਵਾਈ ਜਾਵੇ ਤਾਂ ਜੋ ਸਬੰਧਤ ਨੋਜਵਾਨਾਂ ਨੂੰ ਵੇਰਵਿਆਂ ਦੇ ਅਧਾਰ 'ਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਸ੍ਰੀ ਥੋਰੀ ਨੇ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਦੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ, ਪ੍ਰਦੂਸ਼ਣ ਰਹਿਤ ਵਾਤਾਵਰਣ, ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਲੋਕ ਹਿੱਤ ਦੇ ਇਸ ਕਾਰਜ਼ ਵਿੱਚ ਸਮੂਹ ਸਮਾਜਿਕ, ਧਾਰਮਿਕ ਸੰਸਥਾਵਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਵਣ ਵਿਭਾਗ ਵੱਲੋਂ ਘਰ ਘਰ ਹਰਿਆਲੀ ਸਕੀਮ ਤਹਿਤ ਮੁਹੱਈਆ ਕਰਵਾਏ ਜਾ ਰਹੇ ਮੁਫ਼ਤ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜ਼ਿਲ੍ਹੇ ਦੀਆਂ ਸਬ ਡਵੀਜ਼ਨ ਪੱਧਰ 'ਤੇ ਚਲ ਰਹੀਆਂ ਸਾਂਝੀ ਰਸੋਈਆਂ 'ਚ ਖਾਣੇ ਦੀ ਗੁਣਵਤਾ ਵੱਲ ਵਿਸ਼ੇਸ਼ ਧਿਆਨ ਰੱਖਣ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਹਰੇਕ ਸਬ ਡਵੀਜ਼ਨ ਪੱਧਰ 'ਤੇ ਟਰੈਵਲ ਏਜੰਟਾਂ ਤੇ ਆਈਲਟਸ ਕੇਂਦਰਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 22 ਟਰੈਵਲ ਏਜੰਟ ਤੇ ਆਈਲੈਟਸ ਕੇਂਦਰ ਰਜਿਸਟਰਡ ਹੋ ਚੁੱਕੇ ਹਨ ਅਤੇ ਕਿਸੇ ਵੀ ਅਖੌਤੀ ਟਰੈਵਲ ਏਜੰਟ ਨੂੰ ਭੋਲੇ ਭਾਲੇ ਨਾਗਰਿਕਾਂ ਦਾ ਵਿੱਤੀ ਸੋਸ਼ਣ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਐਸ.ਡੀ.ਐਮ ਸੰਗਰੂਰ ਅਵਿਕੇਸ਼ ਗੁਪਤਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਐਸ.ਡੀ.ਐਮ ਧੂਰੀ ਦੀਪਕ ਰੋਹੀਲਾ, ਐਸ.ਡੀ.ਐਮ ਭਵਾਨੀਗੜ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ ਸੁਨਾਮ ਮਨਜੀਤ ਕੌਰ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਸਹਾਇਕ ਕਮਿਸ਼ਨਰ ਇਨਾਇਤ ਗੁਪਤਾ ਵੀ ਹਾਜ਼ਰ ਸਨ।