ਅੰਮ੍ਰਿਤਸਰ, 23 ਜੁਲਾਈ 2018 - ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਅਕਾਲ ਤਖਤ ਜਥੇਦਾਰ ਵੱਲੋਂ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਸਬੰਧੀ ਜੋ ਸਰਕਾਰੀ ਹੁਕਮ ਹੋਏ ਹਨ, ਉਸਦਾ ਸਖ਼ਤ ਵਿਰੋਧ ਕੀਤਾ। ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਕਿ ਜਿਸ ਬੀਬੀ ਦੇ ਨਾਮ ਨਾਲ ਕੌਰ ਸ਼ਬਦ ਲਗਦਾ ਹੈ ਅਤੇ ਸਾਬਤ ਸੂਰਤ ਹੈ। ਸਿੱਖ ਰਹਿਤ ਮਰਿਯਾਦਾ ਅਨੁਸਾਰ ਉਹ ਸਿੱਖ ਹੈ। ਉਹਨਾਂ ਨੂੰ ਲੋਹ ਟੋਪ (ਹੈਲਮਟ) ਦੀ ਛੋਟ ਲਈ ਸ਼੍ਰੋਮਣੀ ਗੁ:ਪ੍ਰ:ਕਮੇਟੀ ਕਾਨੂੰਨੀ ਚਾਰਾਜੋਈ ਕਰੇਗੀ।
ਉਥੇ ਹੀ ਸ਼ਹੀਦ ਨਗਰ ਗੁ: ਸਾਹਿਬ ਬੁੱਢਾ ਜੋਹੜ ਜਿਲ੍ਹਾ ਗੰਗਾਨਗਰ ਦੇ ਗੁੰਝਲਦਾਰ ਕੇਸ ਨੂੰ ਵਿਚਾਰਿਆ ਗਿਆ। ਦੋਵੇਂ ਧਿਰਾਂ ਹੀ ਛੋਟੀ-ਛੋਟੀ ਗੱਲ ਤੇ ਉਲਝੀਆਂ ਹੋਈਆਂ ਸਨ ਅਤੇ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਮਰਜੀ ਨਾਲ ਹੀ ਗੁ: ਸਾਹਿਬ ਦਾ ਸੰਵਿਧਾਨ ਤਿਆਰ ਕੀਤਾ ਸੀ ਅਤੇ ਕਮੇਟੀਆਂ ਬਣਾਈਆਂ ਸਨ। ਜਿਸ ਨਾਲ ਕਾਫੀ ਵਾਦ-ਵਿਵਾਦ ਵਧਿਆ ਅਤੇ ਸੰਗਤਾਂ ਵਿਚ ਰੋਸ ਪਾਇਆ ਗਿਆ। ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਦੋਵੇਂ ਕਮੇਟੀਆਂ ਅਤੇ ਸੰਵਿਧਾਨ ਭੰਗ ਕਰਦਿਆ ਪ੍ਰਬੰਧ ਨੌਂ ਮੈਂਬਰੀ ਕਮੇਟੀ ਨੂੰ ਸੌਂਪਿਆ । ਜੋ ਪ੍ਰਬੰਧ ਸੰਭਾਲਣ ਦੇ ਨਾਲ-ਨਾਲ ਕਾਨੂੰਨੀ ਮਾਹਿਰਾਂ ਅਤੇ ਸੰਗਤਾਂ ਦੀ ਰਾਏ ਲੈ ਕੇ ਨਵਾਂ ਸੰਵਿਧਾਨ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪ੍ਰਵਾਨਗੀ ਲਈ ਭੇਜਣਗੇ।
ਸਤਿਕਾਰ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚ ਪੈਦਾ ਹੋਏ ਵਾਦ-ਵਿਵਾਦ ਸਬੰਧੀ ਦੋਵੇਂ ਧਿਰਾਂ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਹੋਈਆਂ। ਸਿੰਘ ਸਾਹਿਬਾਨਾ ਵੱਲੋਂ ਦੋਵੇਂ ਧਿਰਾਂ ਨੂੰ ਬਿਠ੍ਹਾ ਕੇ ਇਸ ਚਲਦੇ ਵਾਦਵਿਵਾਦ ਨੂੰ ਸੁਲਝਾਇਆ ਅਤੇ ਅੱਗੋਂ ਵਾਸਤੇ ਇੱਕ ਦੂਜੇ ਉੱਤੇ ਕੋਈ ਦੂਸ਼ਨਬਾਜੀ ਨਾ ਕਰਨ, ਮਿਲ ਬੈਠ ਕੇ ਕਿਸੇ ਵੀ ਮਸਲੇ ਨੂੰ ਹੱਲ ਕਰਨ ਅਤੇ ਜੋ ਕੇਸ ਚਲਦੇ ਹਨ ਉਦੋਵਾਂ ਧਿਰਾਂ ਵੱਲੋਂ ਵਾਪਸ ਲੈਣ ਲਈ ਕਿਹਾ ਜਿਸ ਨਾਲ ਉਥੇ ਮੌਜੂਦ ਜਥੇਬੰਦੀਆਂ ਦੇ ਮੈਂਬਰਾਂ ਨੇ ਸਹਿਮਤੀ ਜਤਾਈ।ਦੋਵਾਂ ਧਿਰਾਂ ਨੇ ਇਸ ਫੈਸਲੇ ਸਬੰਧੀ ਸਿੰਘ ਸਾਹਿਬਾਨਾ ਦਾ ਧੰਨਵਾਦ ਕੀਤਾ।