ਪਟਿਆਲਾ, 23 ਜੁਲਾਈ 2018 : ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਸਵ: ਨੈਲਸਨ ਮੰਡੇਲਾ ਨੂੰ ਯਾਦ ਕਰਨ ਲਈ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਇਕ ਸਮਾਗਮ ਸ੍ਰੀ ਰਾਜਨ ਕਪੂਰ, ਪੀ.ਪੀ.ਐਸ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਨ੍ਹਾਂ ਦੀ ਜੀਵਨੀ ਬਾਰੇ ਦੱਸਦਿਆਂ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਵਾਇਸ ਪ੍ਰਿੰਸੀਪਲ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਨੇ ਕਿਹਾ ਕਿ ਜੁਲਾਈ 1918 ਜਨਮੇ ਸ਼ਾਂਤੀ ਲਈ ਨੋਬਲ ਪੁਰਸਕਾਰ ਅਤੇ ਭਾਰਤ ਰਤਨ ਨਾਲ ਸਨਮਾਨਿਤ ਸ੍ਰੀ ਮੰਡੇਲਾ ਦੀ ਜ਼ਿੰਦਗੀ ਬਹੁਤ ਹੀ ਸੰਘਰਸ਼ਮਈ ਸੀ। ਜਿਨ੍ਹਾਂ ਨੇ ਰੰਗ ਭੇਦ ਦੇ ਖ਼ਿਲਾਫ਼ ਇਕ ਮੁਹਿੰਮ ਛੇੜੀ, ਜਿਸ ਲਈ ਉਨ੍ਹਾਂ ਨੂੰ 27 ਸਾਲ ਆਪਣੇ ਜੀਵਨ ਦੇ ਸੁਨਹਿਰੀ ਦਿਨ ਰਿਵੋਨੀਆ ਦੀਪ ਜੇਲ੍ਹ ਵਿੱਚ ਗੁਜ਼ਾਰਨੇ ਪਏ। ਉਹ ਦੱਖਣੀ ਅਫ਼ਰੀਕਾ ਦੇ ਪਹਿਲੇ ਕਾਲੇ ਰੰਗ ਦੇ ਰਾਸ਼ਟਰਪਤੀ ਬਣੇ। ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦਾ ਮਹਾਤਮਾ ਗਾਂਧੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਰੰਗ ਭੇਦ ਵਿਰੋਧੀ ਸੰਘਰਸ਼ ਅਤੇ ਲੋਕਤੰਤਰ ਦੀ ਲੜਾਈ ਲੜੀ।
ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਪ੍ਰਧਾਨ, ਫ਼ਸਟ ਏਡ, ਸਿਹਤ ਸੇਫ਼ਟੀ ਮਿਸ਼ਨ ਅਤੇ ਡਾਕਟਰ ਨੀਰਜ ਭਾਰਦਵਾਜ ਪ੍ਰਿੰਸੀਪਲ ਭਾਈ ਘਨੱਈਆ ਮੈਡੀਕਲ ਇੰਸਟੀਚੂਟ ਨੇ ਕੈਦੀਆਂ ਨੂੰ ਪ੍ਰੇਰਿਤ ਕਰਦਿਆ ਕਿ ਕਿਹਾ ਕਿ ਹਰ ਸਮੇਂ ਹਰੇਕ ਹਾਲਾਤ ਵਿੱਚ ਨੈਲਸਨ ਮੰਡੇਲਾ ਵਾਂਗ ਦੇਸ, ਸਮਾਜ ਅਤੇ ਲੋਕਾਂ ਦੇ ਭਲੇ, ਉਨਤੀ, ਅਮਨ ਸ਼ਾਂਤੀ ਅਤੇ ਖ਼ੁਸ਼ਹਾਲੀ ਹਿਤ ਚੰਗੀ ਸੋਚ ਅਪਣਾਕੇ ਨੇਕ ਕਾਰਜ ਕਰਦੇ ਰਹਿਣਾ ਚਾਹੀਦਾ ਹੈ।
ਵਧੀਕ ਸੁਪਰਡੈਂਟ ਸ੍ਰੀ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਟਿਆਲਾ ਜੇਲ੍ਹ ਕੈਦੀਆਂ ਦੇ ਸੁਧਾਰ ਹਿਤ ਬਹੁਤ ਕੰਮ ਕਰ ਰਹੀ ਹੈ, ਅਨੇਕਾਂ ਕੈਦੀਆਂ ਨੇ ਪੜਾਈ ਕਰਕੇ ਉਚੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ, ਕੰਪਿਊਟਰ ਅਤੇ ਅਨੇਕਾਂ ਹੋਰ ਕੋਰਸ ਸਿੱਖੇ ਹਨ ਤਾਂ ਜੋ ਰਿਹਾਈ ਹੋਣ ਮਗਰੋਂ ਉਹ ਸਵੈ ਰੋਜ਼ਗਾਰ ਹਿਤ ਕੰਮ ਕਰ ਸਕਣ ਤੇ ਇਸ ਮੌਕੇ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ, ਚੰਡੀਗੜ੍ਹ ਦੇ ਸੰਦੇਸ਼ ਅਨੁਸਾਰ ਜੇਲ੍ਹ ਅੰਦਰ ਕੈਦੀਆਂ ਨੂੰ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਡਿਪਟੀ ਸੁਪਰਡੈਂਟ ਸ੍ਰੀ ਗੁਰਮੁੱਖ ਸਿੰਘ ਨੇ ਧੰਨਵਾਦ ਕਰਦੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੈਦੀਆਂ ਨੂੰ ਨੈਲਸਨ ਮੰਡੇਲਾ ਬਾਰੇ ਦੱਸਿਆ ਗਿਆ ਤਾਂ ਜੋ ਕੈਦੀਆਂ ਦੀ ਸੋਚ, ਚੰਗੇ ਪਾਸੇ ਲਗਾਕੇ ਉਨ੍ਹਾਂ ਅੰਦਰ ਚੰਗੇ ਵਿਚਾਰ ਤੇ ਚੰਗਾ ਕਰਮ ਕਰਨ ਦਾ ਜਜ਼ਬਾ ਪੈਦਾ ਹੋ ਸਕੇ ਅਤੇ ਸਾਡੇ ਦੇਸ ਦੇ ਨਾਗਰਿਕ ਖ਼ੁਸਹਾਲ ਰਹਿਕੇ, ਸਮਾਜ ਤੇ ਦੇਸ ਦੀ ਉਨਤੀ ਵਿੱਚ ਯੋਗਦਾਨ ਪਾ ਸਕਣ।