ਜੋਗਿੰਦਰ ਕੌਰ , ਨਨਕਾਣਾ ਸਾਹਿਬ ਪਾਕਿਸਤਾਨ
ਪਾਕਿਸਤਾਨ ਦੀ ਸਿੱਖ ਕੁੜੀ ਨੇ ਮਾਰਿਆ ਮਾਅਰਕਾ , ਦਸਵੀਂ 'ਚੋਂ ਲਏ ਰਿਕਾਰਡ ਮਾਰਕਸ
ਨਨਕਾਣਾ ਸਾਹਿਬ ( ਪਾਕਿਸਤਾਨ ) , 21 ਜੁਲਾਈ , 2018 : ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਇੱਕ ਸਿੱਖ ਪਰਿਵਾਰ ਦੀ ਧੀ ਨੇ ਸਕੂਲੀ ਪੜ੍ਹਾਈ ਵਿਚ ਮਾਰਕਾ ਮਾਰਿਆ ਹੈ . ਜੋਗਿੰਦਰ ਕੌਰ ਨਾਮੀ ਇਸ ਲੜਕੀ ਨੇ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੇ ਮੈਟ੍ਰਿਕ ਦੇ ਇਮਤਿਹਾਨ ਵਿਚੋਂ 96 % ਨੰਬਰ ਹਾਸਲ ਕੀਤੇ ਹਨ . ਉਸੇ ਕੁਲ 1056 ਅੰਕ ਹਾਸਲ ਕਰਕੇ ਏ ਗਰੇਡ ਪ੍ਰਾਪਤ ਕੀਤਾ। ਇਹ ਨੰਬਰ ਪਾਕਿਸਤਾਨ ਦੇ ਵਾਸੀ ਸਿੱਖ ਪਰਿਵਾਰਾਂ ਦੀ ਕਿਸੇ ਲੜਕੀ ਵੱਲੋਂ ਹਾਸਲ ਕੀਤੇ ਅੰਕਾਂ ਤੋਂ ਵੱਧ ਹਨ .ਇਸ ਤੋਂ ਪਹਿਲਾਂ ਮੈਟ੍ਰਿਕ ਵਿਚੋਂ ਵੱਧ ਅੰਕ ਲੈਣ ਦਾ ਰਿਕਾਰਡ ਮਨਬੀਰ ਕੌਰ ਦਾ ਸੀ ਜਿਸ ਨੇ ਕੁੱਲ 1035 ਨੰਬਰ ਲਏ ਸਨ . ਜੋਗਿੰਦਰ ਕੌਰ ਗੁਰੂ ਨਾਨਕ ਪਬਲਿਕ ਮਾਡਲ ਹਾਈ ਸਕੂਲ ਨਨਕਾਣਾ ਸਾਹਿਬ ਦੀ ਸਟੂਡੈਂਟ ਹੈ .
ਜ਼ਿਕਰ ਕਰਨਾ ਬਣਦਾ ਹੈ ਕਿ ਜੋਗਿੰਦਰ ਕੌਰ ਦੇ ਪਿਤਾ ਕਰਤਾਰ ਸਿੰਘ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ .ਇਸ ਤੋਂ ਬਾਅਦ ਉਹਦੀ ਮਾਂ ਸ੍ਰੀਮਤੀ ਦਵਿੰਦਰ ਕੌਰ ਨੇ ਸਿਦਕ ਅਤੇ ਹਿੰਮਤ ਨਾਲ ਆਪਣੇ ਬੱਚਿਆਂ ਦੀ ਪੜਾਈ ਜਾਰੀ ਰੱਖੀ . ਜੋਗਿੰਦਰ ਕੌਰ ਦੀ ਇੱਕ ਭੈਣ ਅਤੇ ਦੋ ਭਰਾ ਹਨ .