ਜੀਵਨ ਰਾਮਗੜ
ਬਰਨਾਲਾ, 20 ਜੁਲਾਈ 2018 - ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਿਖੇ ਕਿਸਾਨੀ ਨਾਲ ਸਬੰਧਿਤ ਇੱਕ ਸਰਦੇ ਪੁਜ਼ਦੇ ਘਰ ਦੇ ਵਿਅਕਤੀ ਨੇ ਆਪਣੇ ਹੀ ਘਰ ਵਾਲੀ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸਦੇ ਜਾਇਦਾਦ ਦੇ ਲਾਲਚ ਦੀ ਭੁੱਖ ਅਜੇ ਮਿਟੀ ਨਹੀਂ ਸੀ। ਮੁਲਜ਼ਮ ਆਪਣੇ ਸਾਲੇ ਵਿਹੂਣੇ ਸਹੁਰਿਆਂ ਦੀ ਜ਼ਮੀਨ 'ਤੇ ਜਲਦ ਕਾਬਜ਼ ਹੋਣਾਂ ਚਾਹੁੰਦਾ ਸੀ। ਘਟਨਾਂ ਪਿੱਛੋਂ ਮੁਲਜ਼ਮ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਪਤਾ ਲੱਗਾ ਹੈ ਕਿ ਮੁਲਜ਼ਮ ਖੁਦ ਕਰੋੜਾਂ ਦੀ ਜਾਇਦਾਦ ਦਾ ਮਾਲਕ ਵੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ-ਤਪਾ ਰੋਡ 'ਤੇ ਪਿੰਡ ਰੂੜੇਕੇ ਕਲਾਂ ਵਿਖੇ ਇੱਕ ਸਰਦੇ ਪੁਜ਼ਦੇ ਕਿਸਾਨ ਪ੍ਰੀਵਾਰ ਨਾਲ ਸਬੰਧਿਤ ਕਰਮਜੀਤ ਸਿੰਘ ਨੇ ਅੱਜ ਸਵੇਰੇ ਆਪਣੇ ਜਵਾਨ ਧੀ ਅਤੇ ਪੁੱਤਰ ਦੀ ਗੈਰ-ਹਾਜ਼ਰੀ 'ਚ ਆਪਣੀ ਪਤਨੀ ਬਲਵਿੰਦਰ ਕੌਰ ਦਾ ਕਤਲ ਕਰ ਦਿੱਤਾ। ਘਟਨਾਂ ਦਾ ਮੂਲ ਕਾਰਨ ਜ਼ਮੀਨੀ ਲਾਲਚ ਅਤੇ ਨਸ਼ਾ ਦੱਸਿਆ ਜਾ ਰਿਹਾ ਹੈ। ਕਰਮਜੀਤ ਸਿੰਘ ਦੀ ਧੀ ਲਵਪੀ੍ਰਤ ਕੌਰ ਜੋ ਕਿ ਬੀਏ ਭਾਗ ਦੂਜਾ ਦੀ ਵਿਦਿਆਰਥਣ ਹੈ ਨੇ ਦੱਸਿਆ ਕਿ ਉਸਦਾ ਪਿਤਾ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਸਮੇਂ ਤੋਂ ਉਹ ਉਸਦੀ ਮਾਂ ਬਲਵਿੰਦਰ ਕੌਰ ਦੇ ਹਿੱਸੇ ਵਾਲੀ ਜ਼ਮੀਨ 'ਤੇ ਤੁਰੰਤ ਹੱਕ ਜਿਤਾ ਰਿਹਾ ਸੀ। ਮ੍ਰਿਤਕਾ ਬਲਵਿੰਦਰ ਕੌਰ ਦੇ ਕੋਈ ਭਰਾ ਨਹੀਂ ਸੀ ਅਤੇ ਉਸਦੀ ਦੂਜੀ ਵਿਆਹੁਤਾ ਭੈਣ ਪੇਕੇ ਪਿੰਡ ਦੁੱਗਾਂ ਵਿਖੇ ਮਾਪਿਆਂ ਨਾਲ ਹੀ ਰਹਿੰਦੀ ਹੈ।
ਮ੍ਰਿਤਕਾ ਬਲਵਿੰਦਰ ਕੌਰ ਦੇ ਪਿਤਾ ਨੇ ਆਪਣੀਆਂ ਦੋਵੇਂ ਧੀਆਂ ਦੇ ਨਾਂਅ 11-11 ਏਕੜ ਜ਼ਮੀਨ ਨਾਂਅ ਕਰਾ ਰੱਖੀ ਹੈ। ਜਿਸ ਦੇ ਇੱਕ ਹਿੱਸੇ 'ਤੇ ਕਾਬਜ਼ ਹੋਣ ਲਈ ਕਰਮਜੀਤ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਧੀ ਲਵਪੀ੍ਰਤ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹ ਅਤੇ ਉਸਦਾ ਭਰਾ ਹਰਮਨਪ੍ਰੀਤ ਸਿੰਘ ਘਰ ਨਹੀਂ ਸਨ ਤਾਂ ਕਰਮਜੀਤ ਸਿੰਘ ਨੇ ਬਲਵਿੰਦਰ ਕੌਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਨੂੰ ਗੰਭੀਰ ਰੂਪ 'ਚ ਆਸ ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਜਿਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾ ਦੀ ਮਾਂ ਅਤੇ ਭੈਣ ਨੇ ਮੁਲਜ਼ਮ ਕਰਮਜੀਤ ਸਿੰਘ 'ਤੇ ਗੰਭੀਰ ਦੋਸ਼ ਲਗਾਉਂਦਿਆਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਥਾਣਾ ਰੂੜੇਕੇ ਦੇ ਇਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦਾ ਬਿਆਨ ਕਲਮਬੰਦ ਕੀਤਾ ਜਾ ਰਿਹਾ ਹੈ ਜਿਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।
ਆਪਣੀ ਧੀ ਬਲਵਿੰਦਰ ਕੌਰ ਦੀ ਲਾਸ਼ ਕੋਲ ਵਿਰਲਾਪ ਕਰ ਰਹੀ ਉਸਦੀ ਮਾਂ ਬਲਵੀਰ ਕੌਰ ਨੇ ਕਿਹਾ 'ਧੀਏ ਮੈਂ ਤੈਨੂੰ ਵਾਰ ਵਾਰ ਕਹਿੰਦੀ ਰਹੀ। ਬਚ ਕੇ ਰਹੀਂ ਏਹੋ ਜਿਹੇ ਬੰਦੇ ਦਾ ਕੋਈ ਪਤਾ ਨ੍ਹੀ ਹੁੰਦਾ... ਧੀਏ ਤੈਨੂੰ ਮਾਰ ਨਾ ਦੇਵੇ...।' ਬਜ਼ੁਰਗ ਬਲਵੀਰ ਕੌਰ ਨੇ ਦੱਸਿਆ ਕਿ ਉਸਦਾ ਜਵਾਈ ਕਰਮਜੀਤ ਸਿੰਘ ਹੱਦ ਦਾ ਲਾਲਚੀ ਹੈ ਤੇ ਨਸ਼ਾ ਵੀ ਕਰਦਾ ਹੈ। ਜੋ ਕਿ ਮ੍ਰਿਤਕਾ ਬਲਵਿੰਦਰ ਕੌਰ ਨੂੰ ਪੇਕਿਆਂ ਵਾਲੀ ਜ਼ਮੀਨ ਲਈ ਸਤਾਉਂਦਾ ਰਹਿੰਦਾ ਸੀ।
ਮੁਲਜ਼ਮ ਕਰਮਜੀਤ ਸਿੰਘ ਨੇ ਕਾਰਨਾਮਾ ਕਰਨ ਉਪਰੰਤ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਿਸ ਉਪਰੰਤ ਉਸਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਐਸਐਮਓ ਡਾ. ਜਸਵੀਰ ਸਿੰਘ ਔਲਖ਼ ਨੇ ਸਪੰਰਕ ਕਰਨ 'ਤੇ ਦੱਸਿਆ ਕਿ ਕਰਮਜੀਤ ਸਿੰਘ ਨੇ ਜਹਿਰੀਲੀ ਵਸਤੂ ਨਿਗਲੀ ਹੋਈ ਹੈ। ਜਿਸ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਅਜੇ ਵੀ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਨਹੀਂ ਹੈ ਅਤੇ ਉਸਦਾ ਡਾਕਟਰਾਂ ਦੀ ਟੀਮ ਵੱਲੋਂ ਇਲਾਜ਼ ਚੱਲ ਰਿਹਾ ਹੈ। ਜਿਥੇ ਉਹ ਅਜੇ ਵੀ ਵਾਰ-ਵਾਰ ਖੁਦਕੁਸ਼ੀ ਕਰਨ ਦੀ ਜ਼ਿੱਦ ਕਰ ਰਿਹਾ ਹੈ। ਇੱਕ ਵੱਖਰੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਘਟਨਾਂ ਉਪਰੰਤ ਖੁਦ ਹੀ ਥਾਣੇ ਚਲਾ ਗਿਆ ਸੀ। ਜਿਸ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ।