ਐਸ.ਏ.ਐਸ ਨਗਰ, 20 ਜੁਲਾਈ 2018 - ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਏਅਰਫੋਰਸ ਸਟੇਸ਼ਨ ਅਥਾਰਟੀ ਚੰਡੀਗੜ੍ਹ ਨੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਏਅਰਫੋਰਸ ਸਟੇਸ਼ਨ ਦੇ ਆਲੇ ਦੁਆਲੇ ਆਮ ਜਨਤਾ ਵੱਲੋਂ ਮੀਟ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ ਕਰ ਕੇ ਏਅਰਫੋਰਸ ਦੇ ਏਰੀਏ ਵਿੱਚ ਮਾਸਾਹਾਰੀ ਪੰਛੀ ਉਡਦੇ ਰਹਿੰਦੇ ਹਨ, ਜਿਸ ਕਾਰਨ ਕਿਸੇ ਵੀ ਸਮੇਂ ਪੰਛੀਆਂ ਦੇ ਹਵਾਈ ਜਹਾਜ਼ ਨਾਲ ਟਕਰਾਉਣ ਕਰ ਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਕਿ ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰੇ ਦਾ ਕਾਰਨ ਬਣਦਾ ਹੈ ਅਤੇ ਫ਼ੌਜ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੀ ਵਿਘਨ ਪੈਂਦਾ ਹੈ। ਇਸ ਦੇ ਫਲਸਰੂਪ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਇਸ ਲਈ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਮੈਜਿਸਟਰੇਟ , ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਦੇ ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਏਅਰ ਫੋਰਸ ਸਟੇਸ਼ਨ ਤੋਂ ਇੱਕ ਹਜ਼ਾਰ ਮੀਟਰ ਏਰੀਏ (ਜੋ ਕਿ ਇਸ ਜ਼ਿਲ੍ਹੇ ਦੀ ਹਦੂਦ ਅੰਦਰ ਆਉਂਦਾ ਹੈ ) ਦੇ ਆਲੇ ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 20-07-2018 ਤੋਂ ਮਿਤੀ 19-09-2018 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਤੁਰੰਤ ਅਸਰ ਨਾਲ ਲਾਗੂ ਹੋਣਗੇ।