ਯਾਦਵਿੰਦਰ ਸਿੰਘ ਤੂਰ
ਨਵੀਂ ਦਿੱਲੀ, 20 ਜੁਲਾਈ 2018 - ਲੋਕ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚਿਰਾਂ ਤੋਂ ਆਪਣੀ ਚੁੱਪ ਨੂੰ ਤੋੜਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਦਮਦਾਰ ਭਾਸ਼ਣ ਨਾਲ ਪਹਿਲਾਂ ਤਾਂ ਪਾਣੀ ਪਾਣੀ ਕਰ ਦਿੱਤਾ ਤੇ ਬਾਅਦ 'ਚ ਖੁਦ ਮੋਦੀ ਦੀ ਸੀਟ 'ਤੇ ਜਾ ਕੇ ਉਨ੍ਹਾਂ ਨੂੰ ਗਲੇ ਮਿਲ ਕੇ ਆਏ। ਰਾਹੁਲ ਗਾਂਧੀ ਨੂੰ ਅਕਸਰ ਸੋਸ਼ਲ ਮੀਡੀਆ 'ਤੇ ਪੱਪੂ ਕਹਿ ਕੇ ਬੁਲਾਇਆ ਜਾਂਦਾ ਹੈ, ਜਿਸਦਾ ਜ਼ਿਕਰ ਰਾਹੁਲ ਨੇ ਖੁਦ ਸੈਸ਼ਨ ਦੌਰਾਨ ਵੀ ਕੀਤਾ ਕਿ ਭਾਵੇਂ ਉਨ੍ਹਾਂ ਨੂੰ ਪੱਪੂ ਕਿਹਾ ਜਾਂਦਾ ਪਰ ਬੀਜੇਪੀ ਸਰਕਾਰ ਇਕ ਦਿਨ ਉਨ੍ਹਾਂ ਦਾ ਜਲਵਾ ਦੇਖਣ ਨੂੰ ਤਿਆਰ ਰਹੇ।
ਅੱਜ ਦੇ ਸੈਸ਼ਨ 'ਚ ਰਾਹੁਲ ਨੇ ਵਾਕਿਆ ਵਿਚ ਹੀ ਇਹ ਜਤਾ ਦਿੱਤਾ ਕਿ ਉਹ ਕਾਂਗਰਸ ਪ੍ਰਧਾਨ ਵਜੋਂ ਆਮ ਲੋਕਾਂ ਦੀ ਅਵਾਜ਼ ਲੋਕ ਸਭਾ 'ਚ ਉਠਾ ਸਕਦਾ ਹੈ। ਰਾਹੁਲ ਗਾਂਧੀ ਨੇ ਮੋਦੀ ਦੇ ਪਿਛਲੇ 4 ਸਾਲਾਂ ਦੌਰਾਨ ਕੀਤੇ ਵੱਡੇ ਦਾਅਵਿਆਂ ਅਤੇ ਲੋਕਾਂ ਅਨੁਸਾਰ ਜੁਮਲਿਆਂ ਨੂੰ ਆੜੇ ਹੱਥੀਂ ਲਿਆ।
ਰਾਹੁਲ ਨੇ ਕਿਹਾ ਕਿ ਸਭ ਨੂੰ ਪਤਾ ਕਿ ਮੋਦੀ ਦੇ ਵੱਡੇ ਕਾਰੋਬਾਰੀਆਂ ਨਾਲ ਕਿਹੋ ਜਿਹੇ ਸਬੰਧ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਕਦੀ ਵੀ ਗਰੀਬ ਲੋਕਾਂ ਨਾਲ ਹੱਥ ਨਹੀਂ ਮਿਲਾਇਆ ਸਗੋਂ ਹਮੇਸ਼ਾਂ ਅਮੀਰ ਤੇ ਵੱਡੇ ਕਾਰੋਬਾਰੀਆਂ ਨਾਲ ਹੀ ਉਨ੍ਹਾਂ ਦੀ ਉੱਠਣੀ-ਬੈਠਣੀ ਹੈ। ਉਨ੍ਹਾਂ ਕਿਹਾ ਕਿ ਇਕਾਨਾਮਿਸਟ ਮੈਗਜ਼ੀਨ ਦੇ ਪੰਨੇ 'ਤੇ ਲਿਖਿਆ ਸੀ ਕਿ ਭਾਰਤ ਵਿਚ ਮਹਿਲਾਵਾਂ ਦੀ ਸੁਰੱਖਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਪੰਨਿਆਂ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਮਹਿਲਾਵਾਂ ਦੀ ਸੁਰੱਖਿਆ ਖਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦਲਿਤ ਭਾਰਤ 'ਚ ਮਾਰੇ ਗਏ। ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਇਕ ਵੀ ਸ਼ਬਦ ਨਹੀਂ ਨਿਕਲਿਆ। ਰਾਹੁਲ ਨੇ ਕਿਹਾ ਕਿ, ਕੀ ਦਲਿਤ ਹਿੰਦੁਸਤਾਨ ਦਾ ਹਿੱਸਾ ਨਹੀਂ ਹਨ ?
ਕਿਸਾਨਾਂ ਬਾਬਤ ਰਾਹੁਲ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਮੋਦੀ ਨੇ ਹਾਲ ਹੀ ਵਿਚ ਭਾਰਤੀ ਕਿਸਾਨਾਂ ਲਈ ਇਕ ਜੁਮਲਾ ਛੱਡਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਦੇ ਕਿਸਾਨਾਂ ਨੂੰ ਮੋਦੀ ਨੇ 10 ਹਜ਼ਾਰ ਕਰੋੜ ਦਿੱਤਾ, ਜਦਕਿ ਇਕੱਲਾ ਕਰਨਾਟਕ ਸਰਕਾਰ ਨੇ ਸੂਬੇ ਦੇ ਕਿਸਾਨਾਂ ਲਈ 34 ਹਜ਼ਾਰ ਕਰੋੜ ਰਾਸ਼ੀ ਜਾਰੀ ਕੀਤੀ।
ਰਾਹੁਲ ਨੇ ਉਥੇ ਹੀ ਜੋਸ਼ ਵਿਚ ਆਉਂਦਿਆਂ ਕਿਹਾ ਕਿ ਤਮਾਮ ਬੀਜੇਪੀ ਸਾਂਸਦਾਂ ਨੇ ਉਨ੍ਹਾਂ ਨੂੰ ਸੈਸ਼ਨ ਤੋਂ ਬਾਹਰ ਮਿਲਦਿਆਂ ਕਿਹਾ ਸੀ ਕਿ ਤੁਹਾਡਾ ਭਾਸ਼ਣ ਬਹੁਤ ਵਧੀਆ ਸੀ। ਬੀਬੀ ਹਰਸਿਮਰਤ ਬਾਦਲ ਵੱਲ੍ਹ ਹੱਥ ਕਰਦਿਆਂ ਰਾਹੁਲ ਨੇ ਕਿਹਾ ਕਿ ਅਕਾਲੀ ਦਲ ਬੀਬੀ ਵੀ ਉਹਨਾਂ ਵੱਲ੍ਹ ਵੇਖ ਕੇ ਹੱਸ ਰਹੇ ਸਨ। ਉਨ੍ਹਾਂ ਕਿਹਾ ਕਿ ਜਿੰਨੇ ਵੀ ਬੀਜੇਪੀ ਮੈਂਬਰ ਇਥੇ ਬੈਠੇ ਹਨ ਉਹ ਸਾਰੇ ਹੀ ਮੋਦੀ ਦੀ ਹਾਰ ਦਾ ਕਾਰਨ ਬਣਨਗੇ।
ਅੱਜ ਦੇ ਮਾਨਸੂਨ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਲਗਭਗ ਘੰਟੇ ਤੋਂ ਉਪਰ ਦਿੱਤੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜੱਫੀ ਪਾਈ। ਰਾਹੁਲ ਨੇ ਸੰਸਦ ਭਵਨ 'ਚ ਮੋਦੀ ਨੂੰ ਪਾਈ ਜੱਫੀ ਨਾਲ ਸਾਰੇ ਸੰਸਦ 'ਚ ਤਾੜੀਆਂ ਦੀ ਗੂੰਜ ਪੈ ਗਈ। ਰਾਹੁਲ ਨੇ ਕਿਹਾ ਕਿ ਬੀਜੇਪੀ ਜਿੰਨ੍ਹਾਂ ਮਰਜੀ ਉਸ 'ਤੇ ਚਿੱਕੜ ਸੁੱਟ ਦੇਵੇ ਪਰ ਇਹ ਉਨ੍ਹਾਂ ਦੇ ਸੰਸਕਾਰ ਹਨ। ਉਨ੍ਹਾਂ ਕਿਹਾ ਕਿ ਇਹ ਹੈ ਹਿੰਦੂ ਹੋਣ ਦਾ ਮਤਲਬ। ਉਥੇ ਹੀ ਪ੍ਰਧਾਨ ਮੰਤਰੀ ਨੇ ਰਾਹੁਲ ਦੀ ਪਿੱਠ ਥਪਥਪਾਉਂਦਿਆਂ ਮੁਸਕਰਾ ਕੇ ਰਾਹੁਲ ਦੇ ਕੰਨ ਜ਼ਾਹਿਰ ਤੌਰ 'ਤੇ ਉਸਨੂੰ ਸ਼ਾਬਾਸ਼ ਹੀ ਦਿੱਤੀ ਹੋਵੇਗੀ।