ਬਟਾਲਾ, 17 ਜੁਲਾਈ 2018: ਗਾਂਧੀ ਚੌਂਕ ਬਟਾਲਾ ਵਿੱਚ ਗਲ ਵਿੱਚ ਸੀਟੀ ਪਾਈ ਟਰੈਫਿਕ ਪੁਲਿਸ ਦਾ ਇੱਕ ਹਵਾਲਦਾਰ ਸਿਖਰ ਦੁਪਿਹਰੇ ਟਰੈਫਿਕ ਨੂੰ ਕੰਟਰੋਲ ਕਰਦਾ ਆਮ ਹੀ ਦੇਖਿਆ ਜਾ ਸਕਦਾ ਹੈ। ਇਸ ਪੁਲਿਸ ਜਵਾਨ ਦਾ ਨਾਮ ਹਰਜੀਤ ਸਿੰਘ ਹੈ ਜੋ ਕਿ ਟਰੈਫਿਕ ਪੁਲਿਸ ਵਿੱਚ ਇਸ ਸਮੇਂ ਮੁਨਸ਼ੀ ਦੇ ਤੌਰ 'ਤੇ ਡਿਊਟੀ ਨਿਭਾ ਰਿਹਾ ਹੈ। ਹੌਲਦਾਰ ਹਰਜੀਤ ਸਿੰਘ ਆਪਣੀ ਇਮਾਨਦਾਰੀ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਕਾਰਨ ਪੂਰੇ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਇੱਕ ਇਮਾਨਦਾਰ ਪੁਲਿਸ ਮੁਲਾਜ਼ਮ ਵਜੋਂ ਜਾਣਿਆ ਜਾਂਦਾ ਹੈ।
ਬਟਾਲਾ ਨੇੜਲੇ ਪਿੰਡ ਸੁਚਾਨੀਆਂ ਦਾ ਜੰਮਪਲ ਹਰਜੀਤ ਸਿੰਘ ਸੰਨ 1992 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਨੌਂਕਰੀ ਦੇ ਸ਼ੁਰੂਆਤੀ ਸਾਲਾਂ ਵਿੱਚ ਅੱਤਵਾਦ ਦੇ ਕਾਲੇ ਦੌਰ ਸਮੇਂ ਜਵਾਨ ਹਰਜੀਤ ਸਿੰਘ ਨੇ ਵੱਖ-ਵੱਖ ਥਾਣਿਆ ਵਿੱਚ ਰਹਿੰਦਿਆਂ ਆਪਣੀ ਡਿਊਟੀ ਨੂੰ ਬੜੀ ਬਹਾਦਰੀ ਨਾਲ ਨਿਭਾਇਆ। ਸਾਲ 1998 ਵਿੱਚ ਹਰਜੀਤ ਸਿੰਘ ਨੇ ਟਰੈਫਿਕ ਕੋਰਸ ਪਾਸ ਕਰ ਲਿਆ ਅਤੇ ਉਸਦੀ ਤਾਇਨਾਤੀ ਟਰੈਫਿਕ ਪੁਲਿਸ ਵਿੱਚ ਕਰ ਦਿੱਤੀ ਗਈ। ਹਰਜੀਤ ਸਿੰਘ ਨੇ ਟਰੈਫਿਕ ਪੁਲਿਸ ਦੀ ਤਇਨਾਤੀ ਦੌਰਾਨ ਆਪਣੀ ਡਿਊਟੀ ਨੂੰ ਇਨੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਕਿ ਸਾਰੇ ਬਟਾਲੇ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਵਿੱਚ ਇੱਕ ਇਮਾਨਦਾਰ ਪੁਲਿਸ ਮੁਲਾਜ਼ਮ ਵਜੋਂ ਉਸਦੀ ਵੱਖਰੀ ਪਛਾਣ ਬਣ ਗਈ। ਹਰਜੀਤ ਸਿੰਘ ਜਿਥੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਯਤਨ ਕਰਦਾ ਹੈ ਉਥੇ ਉਹ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕਰਦਾ ਰਹਿੰਦਾ ਹੈ। ਟ੍ਰੈਫਿਕ ਜਾਮ ਲੱਗਣ ਦੇ ਪੱਖ ਤੋਂ ਬਟਾਲਾ ਦਾ ਸਭ ਤੋਂ ਅਹਿਮ ਚੌਂਕ ਗਾਂਧੀ ਚੌਂਕ ਹੈ ਅਤੇ ਇਸ ਚੌਂਕ ਵਿੱਚ ਜਦੋਂ ਹਰਜੀਤ ਸਿੰਘ ਆਪਣੀ ਡਿਊਟੀ 'ਤੇ ਹੁੰਦਾ ਹੈ ਤਾਂ ਉਹ ਇਨੀ ਮਿਹਨਤ ਨਾਲ ਟਰੈਫਿਕ ਨੂੰ ਕੰਟਰੋਲ ਕਰਦਾ ਹੈ ਕਿ ਭਾਰੀ ਟਰੈਫਿਕ ਦੇ ਬਾਵਜੂਦ ਵੀ ਉਥੇ ਜਾਮ ਨਹੀਂ ਲੱਗਦਾ।
ਜਵਾਨ ਹਰਜੀਤ ਸਿੰਘ ਦੀ ਇਮਾਨਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਡਿਊਟੀ ਦੌਰਾਨ ਉਸਨੂੰ 30 ਤੋਂ ਵੱਧ ਲੋਕਾਂ ਦੇ ਗੁਆਚੇ ਪਰਸ ਲੱਭੇ ਹਨ ਜਿਨ੍ਹਾਂ ਨੂੰ ਉਸਨੇ ਵਾਰਸਾਂ ਨੂੰ ਵਾਪਸ ਕੀਤਾ ਹੈ। ਇਸਤੋਂ ਇਲਾਵਾ ਹਰਜੀਤ ਸਿੰਘ ਨੂੰ 35 ਹਜ਼ਾਰ ਅਤੇ 20 ਹਜ਼ਾਰ ਦੀ ਨਕਦੀ ਵੀ ਲੱਭੀ ਸੀ ਜੋ ਉਸਨੇ ਉਸਦੇ ਮਾਲਕਾਂ ਨੂੰ ਵਾਪਸ ਕਰ ਦਿੱਤੀ। ਇਸ ਸਮੇਂ ਹਰਜੀਤ ਸਿੰਘ ਟਰੈਫਿਕ ਪੁਲਿਸ ਬਟਾਲਾ ਵਿੱਚ ਮੁਨਸ਼ੀ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਭਾਂਵੇ ਕਿ ਹਰਜੀਤ ਸਿੰਘ ਦਾ ਕੰਮ ਹੁਣ ਮੁਨਸ਼ੀ ਦੇ ਤੌਰ 'ਤੇ ਲਿਖਣ ਪੜ੍ਹਨ ਦਾ ਹੈ ਪਰ ਉਹ ਲਿਖਾ ਪੜ੍ਹੀ ਦੇ ਨਾਲ ਹੁਣ ਵੀ ਗਾਂਧੀ ਚੌਂਕ ਵਿੱਚ ਜਾ ਕੇ ਟਰੈਫਿਕ ਨੂੰ ਕੰਟਰੋਲ ਕਰਨ ਲੱਗ ਪੈਂਦਾ ਹੈ।
ਹਰਜੀਤ ਸਿੰਘ ਦੀ ਲੋਕਾਂ ਅਤੇ ਆਪਣੇ ਮਹਿਕਮੇ ਵਿੱਚ ਇਨੀ ਹਰਮਨਪਿਆਰਤਾ ਹੈ ਕਿ ਉਸਨੂੰ ਵਧੀਆ ਸੇਵਾਵਾਂ ਬਦਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 26 ਜਨਵਰੀ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾ ਚੁੱਕਾ ਹੈ। ਇਸਤੋਂ ਇਲਾਵਾ ਐੱਸ.ਐੱਸ.ਪੀ. ਬਟਾਲਾ ਵਲੋਂ ਵੀ ਉਸਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਤੋਂ ਇਲਾਵਾ ਬਟਾਲਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਹੌਲਦਾਰ ਹਰਜੀਤ ਸਿੰਘ ਦਾ ਸਨਮਾਨ ਕਰ ਚੁੱਕੀਆਂ ਹਨ। ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਆਪਣੀ ਡਿਊਟੀ ਬਹੁਤ ਪਸੰਦ ਹੈ ਅਤੇ ਉਸਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਕੇ ਬਹੁਤ ਅਨੰਦ ਆਉਂਦਾ ਹੈ।