ਬਠਿੰਡਾ, 16 ਜੁਲਾਈ 2018: ਬਿਜਲੀ ਵਿਭਾਗ ਵਲੋਂ ਨੌਕਰੀ ਦੌਰਾਨ ਮਰ ਚੁੱਕੇ ਕਰਮਚਾਰੀਆਂ ਦੇ ਵਾਰਿਸਾਂ ਨੂੰ ਤਰਸ ਦੇ ਆਧਾਰ 'ਤੇ ਅੱਜ 153 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ ਬਿਜਲੀ, ਨਵ ਅਤੇ ਨਵਿਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਨਾਂ ਪਰਿਵਾਰਾਂ ਦੀ ਬਾਂਹ ਫੜਦੇ ਹੋਏ ਇਹ ਉਪਰਾਲਾ ਕੀਤਾ ਹੈ।
ਇਸ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਨੇ ਸ਼੍ਰੀ ਕਾਂਗੜ ਦੱਸਿਆ ਕਿ ਇਹ ਉਪਰਾਲਾ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਕੀਤਾ ਗਿਆ ਹੈ।
ਇਸ ਸਮਾਰੋਹ ਵਿੱਚ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬੋਲਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਨੌਕਰੀ ਦੇ ਵਾਅਦੇ ਅਨੁਸਾਰ ਹੁਣ ਤੱਕ ਪਾਵਰਕਾਮ ਵਿੱਚ 1889 ਅਹੁਦਿਆਂ 'ਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੁੱਕੇ ਹਨ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 300 ਦੇ ਕਰੀਬ ਹੋਰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ ਅਤੇ 488 ਦੇ ਕਰੀਬ ਨਵੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਨਵੀ ਭਰਤੀ ਕੀਤੀ ਜਾਵੇਗੀ
ਸ਼੍ਰੀ ਕਾਂਗੜ ਨੇ ਦੱਸਿਆ ਕਿ ਪੰਜਾਬ ਵਿੱਚ ਰਿਕਾਰਡ 12556 ਮੈਗਾਵਾਟ ਅਤੇ 2745 ਲੱਖ ਯੂੁੁੁਨਿਟ ਬਿਜਲੀ ਖਪਤ ਹੋਣ ਦੇ ਬਾਵਜੂਦ ਬਿਜਲੀ ਵਿਭਾਗ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਤੇ ਹਰ ਕਿਸਮ ਦੇ ਬਿਜਲੀ ਖਪਤਕਾਰਾਂ ਨੂੰ ਬਿਨਾਂ ਕਿਸੇ ਪਾਵਰ ਕੱਟ ਦੇ ਬਿਜਲੀ ਦਿੱਤੀ ਜਾ ਰਹੀ ਹੈ ਇਸ ਲਈ ਬਿਜਲੀ ਮੰਤਰੀ ਨੇ ਪਾਵਰਕਾਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਅਤੇ ਉਨਾਂ ਦੀ ਟੀਮ ਵਧਾਈ ਨੂੰ ਵਧਾਈ ਦਿੱਤੀ
ਸ਼੍ਰੀ ਕਾਂਗੜ ਨੇ ਦੱਸਿਆ ਕਿ ਪੰਜਾਬ ਵਿੱਚ ਪਾਏਦਾਰ ਅਤੇ ਨਿਰਵਿਘਨ ਵਧੀਆ ਬਿਜਲੀ ਸਪਲਾਈ ਲਈ ਰੋਪੜ ਵਿਖੇ 800 ਮੈਗਾਵਾਟ ਸੁਪਰ ਕਰੀਟੀਕਲ ਤਕਨੀਕ ਦੇ ਨਵੇਂ ਥਰਮਲ ਯੂਨਿਟਾਂ ਨੂੰ ਲਗਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। 5000 ਤੋਂ ਵੱਧ ਆਬਾਦੀ ਵਾਲੇ 105 ਕਸਬਿਆਂ ਵਿੱਚ 330 ਕਰੋੜ ਰੁਪਏ ਖਰਚੇ ਜਾਣਗੇ ਜਿਸ ਨਾਲ ਬਿਜਲੀ ਦੀ ਪੈਦਾ ਦੌਰਾਨ ਹੋਣ ਵਾਲੇ ਤਕਨੀਕੀ ਅਤੇ ਕਮਰਸ਼ੀਅਲ ਘਾਟਿਆਂ ਨੂੰ ਘਟਾਇਆ ਜਾ ਸਕੇਗਾ 20 ਜ਼ਿਲਿਆਂ ਵਿੱਚ ਫੀਡਰਾਂ ਨੂੰ ਵੱਖ ਵੱਖ ਕਰਨ ਅਤੇ ਦਿਹਾਤੀ ਖਪਤਕਾਰਾਂ ਲਈ 252.06 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ
ਇਸ ਮੌਕੇ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ 50 ਲੱਖ ਐਲ.ਈ.ਡੀ ਲੈਂਪਸ, 75 ਹਜ਼ਾਰ ਨਿਪੁੰਨਤਾ ਵਾਲੇ ਪੱਖੇ ਅਤੇ 50 ਹਜ਼ਾਰ ਐਲ.ਈ.ਡੀ ਟਿਊਬ ਲਾਇਟਸ 31 ਮਾਰਚ 2019 ਤੱਕ ਬਦਲੇ ਜਾਣਗੇ ਸਾਲ 2018-19 ਵਿੱਚ ਬਿਜਲੀ ਸਪਲਾਈ ਦੀਆਂ ਲਾਈਨਾਂ ਅਤੇ ਸਬ-ਸਟੇਸ਼ਨਾਂ ਦੇ ਕੰਮਾਂ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਅਧੀਨ 16 ਨਵੇ ਗਰਿੱਡ ਸਬ-ਸਟੇਸ਼ਨ ਬਣਾਉਣ ਅਤੇ 105 ਨੰਬਰ ਮੌਜੂਦਾ ਸਬ-ਸਟੇਸ਼ਨਾਂ ਦੀ ਟਰਾਂਸਫਾਰਮਰ ਸਮਰਥਾ ਨੂੰ ਵਧਾਇਆ ਜਾਵੇਗਾ ਅਤੇ ਟਰਾਂਸਮੀਸ਼ਨ ਲਾਈਨਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਸਾਲ ਤਕਰੀਬਨ 1371 MV1 ਟਰਾਂਸਫਾਰਮਰ ਸਮਰੱਥਾ ਵਿਚ ਵਾਧਾ ਕੀਤਾ ਜਾਵੇਗਾ ਅਤੇ 800 ਕਿਲੋਮੀਟਰ ਬਿਜਲੀ ਦੀ ਵੰਡ ਦੀਆਂ ਲਾਈਨਾਂ ਵਿਛਾਈਆਂ ਜਾਣਗੀਆਂ ਇਸ ਉਪਰ ਲਗਭਗ 850 ਕਰੋੜ ਰੁਪਏ ਰੈਗੁਲੇਟਰੀ ਕਮਿਸ਼ਨ ਦੀ ਮਨਜੂਰੀ ਲੈ ਕੇ ਖਰਚੇ ਜਾਣਗੇ।
ਇਸ ਮੌਕੇ 'ਤੇ ਡਾਇਰੈਕਟਰ ( ਪ੍ਰਬੰਧਕੀ ) ਸ਼੍ਰੀ ਆਰ.ਪੀ. ਪਾਂਡਵ ਨੇ ਦੱਸਿਆ ਕਿ ਪਾਵਰਕਾਮ ਵਿੱਚ ਜਿਨਾਂ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੌ ਜਾਂਦੀ ਹੈ, ਉਨਾਂ ਦੇ ਵਾਰਸਾਂ ਨੂੰ ਅੱਜ ਤੱਕ ਜਿੰਨੇ ਵੀ ਕੇਸ ਪੈਂਡਿੰਗ ਸਨ, ਸਭ ਨੂੰ ਨੌਕਰੀ ਦੇ ਦਿੱਤੀ ਗਈ ਹੈ ਕੋਈ ਵੀ ਕੇਸ ਪੈਂਡਿੰਗ ਨਹੀ ਹੈ 2010 ਤੋਂ ਲੈ ਕੇ ਅੱਜ ਤੱਕ 3057 ਵਾਰਸਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ।
ਇਸ ਸਮਾਗਮ ਵਿੱਚ ਇੰਜ. ਕੁਲਦੀਪ ਗਰਗ ਮੁੱਖ ਇੰਜੀਨੀਅਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ, ਇੰਜ: ਲਖਵਿੰਦਰ ਸਿੰਘ ਮੁੱਖ ਇੰਜਨੀਅਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ, ਇੰਜ. ਭਗਵਾਨ ਸਿੰਘ ਮੁੱਖ ਇੰਜਨੀਅਰ ਪੱਛਮ ਜੌਨ, ਬਠਿੰਡਾ ਅਤੇ ਪੰਜਾਬ ਸਟੇਟ ਪਾਵਰ ਕਾਰਪੌਰੇਸ਼ਨ ਲਿਮਟਿਡ ਦੇ ਉੱਚ ਅਫਸਰਾਂ ਅਤੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ