ਚੰਡੀਗੜ੍ਹ 16 ਜੁਲਾਈ 2018: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਸਰਕਾਰ ਦੋਵਾਂ ਦੇ ਹਵਾਈ ਯਾਤਰਾ ਖਰਚਿਆਂ ਦੀ ਤੁਲਨਾ ਕਰਦੇ ਸਮੇਂ ਸ਼ਰੇਆਮ ਝੂਠ ਬੋਲ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਧੂ ਕਾਂਗਰਸੀ ਹਕੂਮਤ ਦੇ ਪਿਛਲੇ 9 ਮਹੀਨਿਆਂ ਦੌਰਾਨ ਹਵਾਈ ਯਾਤਰਾ ਉੱਤੇ ਹੋਏ ਘੱਟ ਖਰਚੇ ਦਰਸਾਉਣ ਲਈ ਬੜੇ ਹੀ ਹਾਸੋਹੀਣੇ ਅੰਕੜੇ ਸਾਹਮਣੇ ਲੈ ਕੇ ਆਇਆ ਹੈ ਜਦਕਿ ਸੱਚਾਈ ਇਹ ਹੈ ਕਿ ਚਾਹੇ ਹੈਲੀਕਾਪਟਰ ਉਡਾਣ ਭਰੇ ਜਾਂ ਨਾ ਭਰੇ ਪਾਇਲਟ ਅਤੇ ਇੰਜਨੀਅਰਾਂ ਦੀਆਂ ਤਨਖਾਹਾਂ ਦਾ ਖਰਚਾ ਹੀ ਸਾਲਾਨਾ 3 ਕਰੋੜ ਰੁਪਏ ਹੰੁਦਾ ਹੈ। ਉਹਨਾਂ ਕਿਹਾ ਕਿ ਜਦੋਂ 20 ਤੋਂ 25 ਲੱਖ ਰੁਪਏ ਪਾਇਲਟ ਅਤੇ ਇੰਜਨੀਅਰਾਂ ਦੀਆਂ ਤਨਖਾਹਾਂ ਉੱਤੇ ਖਰਚ ਹੰੁਦੇ ਹਨ ਤਾਂ ਉਹ ਆਪਣੇ ਵੱਲੋਂ ਪੇਸ਼ ਕੀਤੇ ਅੰਕੜਿਆਂ ਨੰੂ ਕਿਵੇਂ ਸਹੀ ਠਹਿਰਾ ਸਕਦਾ ਹੈ? ਇਹ ਸਿਆਸੀ ਬੇਈਮਾਨੀ ਦੀ ਹੀ ਇੱਕ ਮਿਸਾਲ ਹੈ, ਜਿਸ ਵਾਸਤੇ ਨਵਜੋਤ ਸਿੱਧੂ ਮਸ਼ਹੂਰ ਹੈ।
ਇਹ ਟਿੱਪਣੀ ਕਰਦਿਆਂ ਕਿ ਮੌਜੂਦਾ ਸਮੇਂ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ ਹੈ, ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸੀ ਹਕੂਮਤ ਵੇਲੇ ਸਰਕਾਰ ਲੋਕਾਂ ਕੋਲ ਨਹੀਂ ਜਾਂਦੀ। ਉਹਨਾਂ ਕਿਹਾ ਕਿ ਕਾਂਗਰਸੀ ਰਾਜ ਵਿਚ ਸਰਕਾਰ ਘਰ ਵਿਚ ਬੈਠ ਜਾਂਦੀ ਹੈ। ਇਸ ਦੇ ਬਿਲਕੁੱਲ ਉਲਟ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਹਮੇਸ਼ਾਂ ਲੋਕਾਂ ਵਿਚ ਰਹਿੰਦੇ ਹਨ ਅਤੇ ਲਗਾਤਾਰ ਸੂਬੇ ਦੇ ਸਾਰੇ ਹਿੱਸਿਆਂ ਦਾ ਦੌਰਾ ਕਰਦੇ ਰਹਿੰਦੇ ਹਨ। ਇਹੀ ਵਜ੍ਹਾ ਹੈ ਕਿ ਮੌਜੂਦਾ ਸਮੇਂ ਨੀਤੀਆਂ ਦਾ ਸੋਕਾ ਪਿਆ ਹੈ ਅਤੇ ਲੋਕ ਮਹਿਸੂਸ ਕਰਦੇ ਹਨ ਕਿ ਪੰਜਾਬ ਵਿਚ ਕੋਈ ਸਰਕਾਰ ਨਹੀਂ ਹੈ।