ਚੰਡੀਗੜ੍ਹ, 14 ਜੁਲਾਈ - ਪੌਰਨ ਸਟਾਰ ਸਨੀ ਲਿਓਨ ਆਪਣੀ ਜ਼ਿੰਦਗੀ ਅਧਾਰਿਤ ਨਵੀਂ ਵੈੱਬ ਸੀਰੀਜ਼ ਸ਼ੁਰੂ ਕਰਨ ਜਾ ਰਹੀ ਹੈ ਜਿਸਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਇਸ ਸੀਰੀਜ਼ ਦਾ ਨਾਂਅ ਪੌਰਨ ਸਟਾਰ ਸਨੀ ਲਿਓਨ ਦੇ ਅਸਲ ਨਾਂਅ ਤੋਂ ਰੱਖਿਆ ਗਿਆ ਹੈ ਜਿਸ ਕਾਰਨ ਹੁਣ ਸਨੀ ਲਿਓਨ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ।
ਅਸਲ ਵਿਚ ਸਨੀ ਲਿਓਨ ਦਾ ਨਾਂਅ ਹੈ 'ਕੇਰਨਜੀਤ ਕੌਰ' ਜਿਸ ਕਾਰਨ ਹੁਣ ਸਿੱਖ ਜਥੇਬੰਦੀਆਂ ਇਸਦਾ ਵਿਰੋਧ ਜਤਾਉਣ ਲੱਗੀਆਂ ਹਨ। ਐਸ.ਜੀ.ਪੀ.ਸੀ ਮੁਤਾਬਕ ਸਨੀ ਲਿਓਨ ਪਹਿਲਾਂ ਹੀ ਆਪਣਾ ਧਰਮ ਬਦਲ ਚੁੱਕੀ ਹੈ ਤੇ ਹੁਣ ਉਸਨੇ ਫਿਰ ਤੋਂ ਆਪਣੀ ਵੈੱਬ ਸੀਰੀਜ਼ ਦੇ ਟਾਈਟਲ 'ਚ 'ਕੌਰ' ਸ਼ਬਦ ਦਾ ਇਸਤੇਮਾਲ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਐਸ.ਜੀ.ਪੀ.ਸੀ ਮੈਂਬਰ ਅਨੁਸਾਰ 'ਕੌਰ' ਸ਼ਬਦ ਬਹੁਤ ਹੀ ਮਹਾਨ ਅਤੇ ਸਨਮਾਨ ਵਾਲਾ ਸ਼ਬਦ ਹੈ। ਜਿਸਨੂੰ ਸਨੀ ਲਿਓਨ ਵਰਗੀਆਂ ਅਦਾਕਰਾਂ ਨੂੰ ਆਪਣੇ ਨਾਂਅ ਨਾਲ ਨਹੀਂ ਲਗਾਉਣਾ ਚਾਹੀਦਾ।
ਐਸ.ਜੀ.ਪੀ.ਸੀ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਨੀ ਲਿਓਨ ਨੇ ਕੇਰਨਜੀਤ ਕੌਰ ਨਾਮ ਛੱਡ ਕੇ ਆਪਣਾ ਕ੍ਰਿਸ਼ਚਨ ਨਾਮ ਰੱਖਿਆ ਹੈ ਤੇ ਉਸਨੇ ਕ੍ਰਿਸ਼ਚਨ ਵਿਅਕਤੀ ਨਾਲ ਹੀ ਵਿਆਹ ਕਰਾਇਆ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਤਰ੍ਹਾਂ ਦੀ ਮਰਜ਼ੀ ਕਹਾਣੀ ਬਣਾਵੇ, ਉਸ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਪਰ ਜਿਹੜੀ ਪਹਿਲਾਂ ਸਿੱਖ ਧਰਮ ਛੱਡ ਚੁੱਕੀ ਹੈ ਤੇ ਮੁੜ ਤੋਂ ਆਪਣੀਆਂ ਫਿਲਮਾਂ ਲਈ ਸਿੱਖ ਧਰਮ ਦੇ ਚਿੰਨ੍ਹਾਂ ਦੀ ਵਰਤੋਂ ਕਰ ਰਹੀ ਹੈ , ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਤੁਰੰਤ ਆਪਣੀ ਵੈੱਬ ਸੀਰੀਜ਼ ਦੇ ਟਾਈਟਲ ਤੋਂ ਕੌਰ ਸ਼ਬਦ ਹਟਾ ਲੈਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਨੀ ਲਿਓਨ ਦੀ ਵੈੱਬ ਸੀਰੀਜ਼ 16 ਜੁਲਾਈ ਨੂੰ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਵੇਗੀ।