ਨਵੀਂ ਦਿੱਲੀ, 12 ਜੁਲਾਈ (ਏਜੰਸੀ) - ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦਾ ਬਿਆਨ ਸਾਹਮਣੇ ਆਇਆ ਜਿਸ ਵਿਚ ਉਨ੍ਹਾਂ ਬੀਜੇਪੀ 'ਤੇ ਸ਼ਬਦੀ ਹਮਲਾ ਕਰਦਿਆਂ ਉਸਨੂੰ ਹਿੰਦੂਵਾਦ ਪਾਰਟੀ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ 2019 ਦੀਆਂ ਚੋਣਾਂ 'ਚ ਵੀ ਬੀਜੇਪੀ ਸਰਕਾਰ ਨੇ ਭਾਰਤ 'ਤੇ ਆਪਣਾ ਦਬਦਬਾ ਕਾਇਮ ਰੱਖਿਆ ਤਾਂ ਭਾਰਤ ਭਾਰਤ ਨਾ ਰਹਿੰਦਿਆਂ ਹਿੰਦੂ ਪਾਕਿਸਤਾਨ ਬਣ ਜਾਏਗਾ। ਥਰਿਵੰਥਾਪੁਰਮ 'ਚ ਇਕ ਈਵੈਂਟ ਮੌਕੇ ਉਨ੍ਹਾਂ ਕਿਹਾ ਕਿ ਬੀਜੇਪੀ ਨਵਾਂ ਸੰਵਿਧਾਨ ਲਿਖ ਸਕਦੀ ਹੈ। ਭਾਰਤ ਵੀ ਪਾਕਿਸਤਾਨ ਵਾਂਗ ਬਣ ਜਾਏਗਾ ਜਿਥੇ ਘੱਟ ਗਿਣਤੀਆਂ ਦਾ ਕੋਈ ਸਨਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਿਖਿਆ ਨਵਾਂ ਸੰਵਿਧਾਨ ਹਿੰਦੂ ਰਾਸ਼ਟਰ ਦਿਆਂ ਸਿਧਾਂਤਾਂ ਦੇ ਅਧਾਰਿਤ ਹੋਵੇਗਾ। ਜਿਸ ਨਾਲ ਘੱਟ ਗਿਣਤੀਆਂ 'ਚ ਸਮਾਨਤਾ ਘਟ ਜਾਏਗੀ ਅਤੇ ਉਹ ਹਿੰਦੂ ਪਾਕਿਸਤਾਨ ਬਣਾ ਲੈਣਗੇ।
ਥਰੂਰ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਵੱਲੋਂ ਰਾਹੁਲ ਗਾਂਧੀ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪੱਤਰਾ ਨੇ ਏ.ਐਨ.ਆਈ ਨਾਲ ਗੱਲ ਕਰਦਿਆ ਕਿਹਾ ਕਿ ਰਾਹੁਲ ਗਾਂਧੀ ਨੂੰ ਸ਼ਸ਼ੀ ਥਰੂਰ ਦੇ ਇਸ ਬਿਆਨ 'ਤੇ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਇਹ ਕਾਂਗਰਸ ਸਰਕਾਰ ਹੀ ਸੀ ਜਿਸਨੇ ਪਾਕਿਸਤਾਨ ਬਣਨ ਲਈ ਹਾਲਾਤਾਂ ਨੂੰ ਮਜਬੂਰ ਕਰ ਦਿੱਤਾ। ਉਨ੍ਹਾਂ ਆਪਣੇ ਟਵਿੱਟਰ 'ਤੇ ਲਿਖਿਆ ਕਿ ਕਾਂਗਰਸ ਭਾਰਤ ਅਤੇ ਹਿੰਦੂਆਂ ਨੂੰ ਭੰਡਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ।