ਫ਼ਿਰੋਜ਼ਪੁਰ 11 ਜੁਲਾਈ (ਗੁਰਿੰਦਰ ਸਿੰਘ) ਵੱਧ ਰਹੀ ਆਬਾਦੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮੁੱਖ ਰੋੜਾ ਹੈ ਅਤੇ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਆਬਾਦੀ ਨੂੰ ਕੰਟਰੋਲ ਕਰ ਕੇ ਦੇਸ਼ ਅਤੇ ਸਮਾਜ ਨੂੰ ਤਰੱਕੀ ਦੇ ਰਾਹੇ ਤੋਰਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ:ਗੁਰਮਿੰਦਰ ਸਿੰਘ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋਂ ਵਿਸ਼ਵ ਆਬਾਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸੈਮੀਨਾਰ ਦੌਰਾਨ ਕੀਤਾ। ਇਸ ਤੋਂ ਇਲਾਵਾ ਲੋਕਾਂ ਨੂੰ ਵੱਧ ਰਹੀ ਆਬਾਦੀ ਦੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਡਾ:ਗੁਰਮਿੰਦਰ ਸਿੰਘ ਸਿਵਲ ਸਰਜਨ ਫ਼ਿਰੋਜ਼ਪੁਰ ਅਤੇ ਡਾ. ਰਾਜ ਕਰਨੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫ਼ਿਰੋਜ਼ਪੁਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਸੈਮੀਨਾਰ ਦੌਰਾਨ ਸਿਵਲ ਸਰਜਨ ਡਾ.ਗੁਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਆਬਾਦੀ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੇ ਮੁਫ਼ਤ ਪ੍ਰਕੋਸ਼ਨ ਦਿੱਤੇ ਜਾਂਦੇ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਸਾਨੂੰ ਸਭਨਾਂ ਨੂੰ ਜਿੱਥੇ ਆਏ ਸਾਲ ਪੌਦੇ ਲਗਾ ਕੇ ਹਰਿਆਵਲ ਵਿਚ ਵਾਧਾ ਕਰਨਾ ਚਾਹੀਦਾ ਹੈ, ਉੱਥੇ ਇੱਕ ਜਾਂ ਦੋ ਬੱਚਿਆਂ ਦੇ ਜਨਮ ਉਪਰੰਤ ਮਾਂ ਤੇ ਬਾਪ ਨੂੰ ਨਸਬੰਦੀ-ਨਲਬੰਦੀ ਦਾ ਆਪ੍ਰੇਸ਼ਨ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਡਾ. ਰਾਜ ਕਰਨੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫ਼ਿਰੋਜ਼ਪੁਰ ਅਤੇ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਦਿਨੋਂ-ਦਿਨ ਵੱਧ ਰਹੀ ਆਬਾਦੀ ਸਦਕਾ ਜਿੱਥੇ ਹਿੰਦੁਸਤਾਨ ਦੂਸਰੇ ਵੱਧ ਆਬਾਦੀ ਵਾਲੇ ਦੇਸ਼ਾਂ ਦੀ ਮੁਹਰੀ ਕਤਾਰ ਵਿੱਚ ਆ ਗਿਆ ਹੈ, ਉੱਥੇ ਇਸ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਨਾਲ ਆਮ ਲੋਕਾਂ ਦੇ ਜ਼ਿੰਦਗੀ ਜਿਊਣ ਲਈ ਜ਼ਰੂਰੀ ਸਰੋਤ ਘੱਟ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ 'ਤੇ ਕੰਟਰੋਲ ਕਰਨ ਲਈ ਸਾਨੂੰ ਆਮ ਜਨਤਾ ਨੂੰ ਹੀ ਅੱਗੇ ਆਉਣਾ ਪਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕਮਿਊਨਿਟੀ ਹੈਲਥ ਸੈਂਟਰ ਮਮਦੋਟ ਦੇ ਬੀ.ਈ.ਈ. ਸ੍ਰੀ ਅੰਕੁਸ਼ ਭੰਡਾਰੀ ਅਤੇ ਬਿਕਰਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਆਬਾਦੀ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਸਿਹਤ ਵਿਭਾਗ ਦੀਆਂ ਬਣਾਈਆਂ ਟੀਮਾਂ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਨਸਬੰਦੀ ਅਤੇ ਨਲਬੰਦੀ ਲਈ ਪ੍ਰੇਰਿਤ ਕਰਦੀਆਂ ਹਨ, ਉੱਥੇ ਸਰਕਾਰੀ ਹਸਪਤਾਲਾਂ ਵਿਚੋਂ ਇਹ ਆਪ੍ਰੇਸ਼ਨ ਕਰਵਾਉਣ ਵਾਲੇ ਹਰੇਕ ਮਰਦ ਨੂੰ 1100 ਰੁਪਏ ਨਾਲ ਨਿਵਾਜਿਆ ਜਾਂਦਾ ਹੈ, ਜਦੋਂ ਕਿ ਔਰਤ ਨੂੰ 600 ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਨਾਲ ਔਰਤ ਜਾਂ ਮਰਦ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਵਿਚੋਂ ਨਹੀਂ ਗੁਜ਼ਰਨਾ ਪੈਂਦਾ ਹੈ ਅਤੇ ਇਸ ਨਾਲ ਸਰੀਰਕ ਪੱਖੋਂ ਵੀ ਕੋਈ ਕਮਜ਼ੋਰੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਦੀ ਜਾਨ ਨੂੰ ਧਿਆਨ ਵਿਚ ਰੱਖਦਿਆਂ ਹਰੇਕ ਪਰਿਵਾਰ ਨੂੰ ਇੱਕ ਬੱਚੇ ਤੋਂ ਬਾਅਦ ਦੂਸਰਾ ਬੱਚਾ ਪੈਦਾ ਕਰਨ ਵਿਚ ਘੱਟੋ-ਘੱਟ ਤਿੰਨ ਸਾਲ ਦਾ ਫ਼ਰਕ ਰੱਖਣਾ ਜ਼ਰੂਰੀ ਹੈ ਤਾਂ ਜੋ ਔਰਤ ਤੇ ਬੱਚੇ ਦੀ ਜਾਨ ਦੇ ਖ਼ਤਰੇ ਤੋਂ ਟਲਿਆ ਜਾ ਸਕੇ। ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰ ਤੇ ਬਜ਼ਾਰਾ-ਗਲੀਆਂ ਵਿਚ ਆਸ਼ਾ ਵਰਕਰਾਂ ਵੱਲੋਂ ਕੱਢੀ ਜਾਗਰੂਕਤਾ ਰੈਲੀ ਦੌਰਾਨ ਜਿੱਥੇ ਲੋਕਾਂ ਨੂੰ ਵੱਧ ਰਹੀ ਆਬਾਦੀ ਦੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ, ਉੱਥੇ ਮਹਿਕਮੇ ਵੱਲੋਂ ਛਾਪੇ ਇਸ਼ਤਿਹਾਰ ਵੀ ਵੰਡੇ ਗਏ। ਇਸ ਮੌਕੇ ਡਾ.ਪ੍ਰਦੀਪ ਅਗਰਵਾਲ ਐਸ.ਐਮ.ੳ, ਡਾ. ਬਲਦੇਵ ਰਾਜ, ਡਾ. ਰਿਚਾ , ਸੰਤੋਸ਼ ਕੁਮਾਰੀ ਪ੍ਰਧਾਨ ਆਸ਼ਾ ਵਰਕਰ ਮੌਜੂਦ ਸਨ।