ਫਿਰੋਜ਼ਪੁਰ 10 ਜੁਲਾਈ (ਗੁਰਿੰਦਰ ਸਿੰਘ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵਲੋਂ ਹਲਕਾ ਜ਼ੀਰਾ ਦੇ ਵਿਧਾਇਕ ਤੇ ਉਸ ਦੇ ਪਿਤਾ ਤੇ ਪੁਲਿਸ ਗਠਜੋੜ ਵੱਲੋਂ ਆਮ ਲੋਕਾਂ ਤੇ ਕੀਤਾ ਜਾ ਰਿਹਾ ਜੁਲਮ, ਜ਼ਮੀਨਾਂ ਹੜੱਪਣ, ਲੋਹੁਕਾ ਖੁਰਦ ਦੇ ਮਜ਼ਦੂਰਾਂ ਦੇ ਮਕਾਨ ਢਾਹੁਣ ਤੇ ਉਨ੍ਹਾਂ ਨੂੰ ਮਿਲੇ ਪਲਾਟਾਂ 'ਤੇ ਗੁੰਡਾ ਗੈਂਗ ਵੱਲੋਂ ਕਬਜ਼ਾ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਜੋਗੇਵਾਲਾ ਚੋਂਕੀ ਦੇ ਇੰਚਾਰਜ਼ ਸੁਰਜੀਤ ਸਿੰਘ ਨੂੰ ਬਰਖਾਸਤ ਕਰਨ ਆਦਿ ਮੁੱਦਿਆਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁੱਖੀ ਦਫਤਰ ਫਿਰੋਜ਼ਪੁਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਤੇ ਭ੍ਰਿਸ਼ਟ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਨੇ ਕਿਹਾ ਕਿ ਪਿੰਡ ਲੋਹੁਕਾ ਖੁਰਦ ਦੇ 77 ਮਜ਼ਦੂਰ ਪਰਿਵਾਰਾਂ ਨੂੰ 2016 ਵਿਚ ਕਾਨੂੰਨੀ ਢੰਗ ਨਾਲ ਪਲਾਟ ਪੰਚਾਇਤ ਦੀ 2 ਏਕੜ ਜ਼ਮੀਨ ਵਿਚ ਅਲਾਟ ਕੀਤੇ ਗਏ ਸਨ, ਉਨ੍ਹਾਂ ਮਾਨਯੋਗ ਅਦਾਲਤ ਵੱਲੋਂ ਕਬਜ਼ੇ ਦਾ ਸਟੇਅ ਵੀ ਮਿਲਿਆ ਹੋਇਆ ਸੀ ਅਤੇ ਅੱਜ ਦੀ ਮਿਤੀ ਵਿਚ ਵੀ ਸਟੇਅ ਹੈ। ਪਰ ਹਲਕਾ ਵਿਧਾਇਕ ਤੇ ਉਸ ਦੇ ਪਿਤਾ ਦੀ ਅਗਵਾਈ ਹੇਠ ਗੁੰਡਾ ਗੈਂਗ ਵੱਲੋਂ ਮਜ਼ਦੂਰਾਂ ਦੇ ਬਣੇ ਮਕਾਨ 13 ਜੂਨ ਨੂੰ ਢਾਹ ਦਿੱਤੇ ਗਏ ਸਨ ਅਤੇ ਪਲਾਟਾਂ ਉਤੇ ਕਬਜ਼ਾ ਕਰ ਲਿਆ ਗਿਆ। ਪਰ ਸਭ ਤੋਂ ਵੱਡਾ ਦੁਖਾਂਤ ਤਾਂ ਇਹ ਹੈ ਕਿ ਨਾ ਹੀ ਡਿਪਟੀ ਕਮਿਸ਼ਨਰ ਅਤੇ ਨਾ ਹੀ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕੀਤੀ ਹੈ ਤੇ ਮੁੱਖ ਦਰਸ਼ਕ ਬਣ ਕੇ ਸਭ ਕੁਝ ਦੇਖ ਰਹੇ ਹਨ ਜੋ ਕਿ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਲੋਹੁਕਾ ਖੁਰਦ ਦੇ ਮਕਾਨ ਢਾਹੁਣ ਦੇ ਦੋਸ਼ੀਆਂ ਖਿਲਾਫ ਤੁਰੰਤ ਪਰਚੇ ਦਰਜ ਕੀਤੇ ਜਾਣ ਤੇ ਗੈਰ ਕਾਨੂੰਨੀ ਬੋਲੀ ਰੱਖ ਕਰਕੇ ਮਜ਼ਦੂਰਾਂ ਨੂੰ ਪਲਾਟ ਵਾਪਸ ਕੀਤੇ ਜਾਣ ਅਤੇ ਕੱਚਰਭੰਨ ਕਾਂਡ ਦੇ ਦੋਸ਼ੀਆਂ ਇੰਦਰਜੀਤ ਸਿੰਘ ਜ਼ੀਰਾ ਵਗੈਰਾ 'ਤੇ ਪਰਚੇ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਚੋਂਕੀ ਜੋਗੇਵਾਲਾ ਦੇ ਇੰਚਾਰਜ਼ ਏਐੱਸਆਈ ਸੁਰਜੀਤ ਸਿੰਘ ਵੱਲੋਂ ਕਿਸਾਨ ਸ਼ਿੰਦਰ ਸਿੰਘ ਲਾਲੂ ਵਾਲਾ ਪਾਸੋਂ ਲਈ ਰਿਸ਼ਵਤ ਦੀ ਵਾਇਰਲ ਹੋਈ ਵੀਡਿਓ ਤੇ ਪਹਿਲਾ ਵੀ ਰਿਸ਼ਵਤ ਦੀਆਂ ਚੱਲ ਰਹੀਆਂ ਇਨਕੁਆਰੀਆਂ ਦੇ ਪਹਿਲ ਦੇ ਆਧਾਰ ਤੇ ਤੁਰੰਤ ਬਰਖਾਸਤ ਕੀਤਾ ਜਾਵੇ। ਇਸ ਤਰ੍ਹਾਂ ਲੱਖੋਕੇ ਬਹਿਰਾਮ ਦੇ ਐੱਸਐੱਚਓ ਅਸ਼ੋਕ ਕੁਮਾਰ 'ਤੇ ਰਿਸ਼ਵਤ ਦੇ ਦੋਸ਼ਾਂ ਹੇਠ ਕਾਰਵਾਈ ਕੀਤੀ ਜਾਵੇ। ਕਿਸਾਨ ਤੇ ਮਜ਼ਦੂਰ ਆਗੂਆਂ ਉਤੇ ਥਾਣਾ ਮੱਖੂ ਵਿਚ ਚਾਰ ਪਰਚੇ ਤੇ ਮੱਲਾਂਵਾਲਾ ਵਿਚ ਦੋ ਪਰਚੇ ਤੁਰੰਤ ਮੰਨੀ ਹੋਈ ਮੰਗ ਮੁਤਾਬਕ ਰੱਦ ਕੀਤੇ ਜਾਣ ਤੇ 15-16 ਅਪ੍ਰੈਲ ਨੂੰ ਜ਼ਿਲ੍ਹਾ ਪੁਲਿਸ ਮੁਖੀ ਧਰਨੇ ਵਿਚ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਪੰਜਾਬ ਭਰ ਦੇ ਸਿਆਸੀ ਨੇਤਾਵਾਂ, ਪੁਲਿਸ ਅਫਸਰਸ਼ਾਹੀ ਤੇ ਨਸ਼ੇ ਮੁਆਫੀਆਂ ਵੱਲੋਂ ਨਸ਼ੇ ਵਿਕਾਉਣ ਦੇ ਕੀਤੇ ਜਾ ਰਹੇ ਧੰਦੇ ਨੂੰ ਲਗਾਮ ਲਗਾਉਣ ਲਈ ਉਪਰੋਕਤ ਗਠਜੋੜ ਦੋਸ਼ੀ ਸਿਆਸੀ ਨੇਤਾਵਾਂ ਤੇ ਪੁਲਿਸ ਅਫਸਰਸ਼ਾਹੀ ਤੇ ਨਸ਼ੇ ਮਾਫੀਏ ਦੀਆਂ ਬਣਾਈਆਂ ਨਾਮੀ ਤੇ ਬੇਨਾਮੀ ਜਾਇਦਾਦਾਂ ਜਬਤ ਕੀਤੀਆਂ ਜਾਣ ਤੇ ਇਨ੍ਹਾਂ ਉਤੇ ਪਰਚੇ ਦਰਜ ਕੀਤੇ ਜਾਣ। ਇਸ ਮੌਕੇ ਕਰਨੈਲ ਸਿੰਘ ਭੋਲਾ, ਸੁਖਵੰਤ ਸਿੰਘ ਲੋਹੁਕਾ, ਸੁਰਿੰਦਰ ਸਿੰਘ ਘੁੱਦੂਵਾਲਾ, ਅੰਗਰੇਜ਼ ਸਿੰਘ ਬੂਟੇਵਾਲਾ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਲਖਵਿੰਦਰ ਸਿੰਘ ਬਸਦੀ ਨਾਮਦੇਵ, ਜਰਨੈਲ ਸਿੰਘ ਕੁਸੂ ਮੋੜ, ਧਰਮ ਸਿੰਘ ਸਿੱਧੂ, ਸੁਖਵੰਤ ਸਿੰਘ ਮਾਧੀਕੇ, ਮੰਗਲ ਸਿੰਘ ਗੁੱਦੜਢੰਡੀ, ਸਵਰਨ ਸਿੰਘ ਚੱਕ ਬੁੱਢੇ ਸ਼ਾਹ, ਅਵਤਾਰ ਸਿੰਘ ਗਜ਼ਨੀਵਾਲਾ, ਅਮਨਦੀਪ ਕੱਚਰਭੰਨ, ਬੀਬੀ ਮਨਜਿੰਦਰ ਕੌਰ ਲੌਹੁਕਾ ਖੁਰਦ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।