ਚੰਡੀਗੜ੍ਹ 25 ਜੂਨ : ਪੰਜਾਬ ਕਲਾ ਪਰੀਸ਼ਦ ਉੱਘੇ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਉੇਨ੍ਹਾਂ ਦੀ ਜਨਮ ਸ਼ਤਾਬਦੀ 'ਤੇ 'ਪੰਜਾਬ ਗੌਰਵ ਪੁਰਸਕਾਰ' ਨਾ ਸਨਮਾਨਤ ਕਰੇਗੀ। ਪੰਜਾਬ ਸੱਭਿਆਚਾਰਕ ਮਾਮਲੇ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਅਤੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨਿੱਜੀ ਤੌਰ 'ਤੇ 26 ਜੂਨ ਨੂੰ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ, ਮੋਗਾ ਵਿੱਚ ਪੰਜਾਬੀ ਸਾਹਿਤ ਦੀ ਮਹਾਨ ਸ਼ਖਸੀਅਤ ਦਾ ਸਨਮਾਨ ਕਰਨਗੇ।
ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪੰਜਾਬੀ ਸਾਹਿਤਕ ਮੰਡਲ ਲਈ ਬਹੁਤ ਹੀ ਮਾਣ ਵਾਲਾ ਪਲ ਹੈ ਕਿ ਉਨ੍ਹਾਂ ਨੂੰ ਪੰਜਾਬੀ ਸਾਹਿਤ ਦੇ ਚਮਕਦੇ ਸਿਤਾਰੇ ਸ. ਜਸਵੰਤ ਸਿੰਘ ਕੰਵਲ ਦਾ 100 ਵਾਂ ਜਨਮਦਿਨ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਨਾਲ ਸਬੰਧਿਤ ਹਰ ਸ਼ਖਸੀਅਤ ਸ. ਜਸਵੰਤ ਸਿੰਘ ਕੰਵਲ ਜੀ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇਣ ਪੁੱਜੇਗਾ।
ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਇਸ ਮੌਕੇ 'ਤੇ ਕੰਵਲ ਨੂੰ 'ਪੰਜਾਬ ਗੌਰਵ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿਚ ਇਨਾਮ ਦੀ ਰਾਸ਼ੀ ਵਜੋਂ 1 ਲੱਖ ਰੁਪਏ, ਇਕ ਸ਼ਾਲ ਅਤੇ ਇਕ ਪ੍ਰਸ਼ੰਸਾ ਪੱਤਰ ਸ਼ਾਮਲ ਹੋਵੇਗਾ।
ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਕੋਆਰਡੀਨੇਟਰ ਸ਼੍ਰੀ ਨਿਰਿੰਦਰ ਘੁਗਿਆਨਵੀ ਨੇ ਕਿਹਾ ਕਿ 26 ਜੂਨ ਨੂੰ ਸ਼ਾਮ 4 ਵਜੇ ਕੰਵਲ ਨੂੰ ਸਨਮਾਨਿਤ ਕਰਨ ਦੇ ਮਹੱਤਵਪੂਰਨ ਮੌਕੇ ਪੰਜਾਬੀ ਦੇ ਕਈ ਪ੍ਰਸਿੱਧ ਸਾਹਿਤਕ ਸ਼ਖਸੀਅਤਾਂ ਮੌਜੂਦ ਰਹਿਣਗੀਆਂ।